ਦਿੱਲੀ : 100 ਸਾਲ ਤੋਂ ਉੱਪਰ ਦੇ 90 ਵੋਟਰ ਪਾਉਣਗੇ ਵੋਟਾਂ, 111 ਸਾਲ ਦੇ ''ਬੱਚਨ'' ਸਭ ਤੋਂ ਬਜ਼ੁਰਗ

04/28/2019 4:42:53 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ 'ਚ 111 ਸਾਲ ਦੇ ਬੱਚਨ ਸਿੰਘ ਅਤੇ 110 ਸਾਲ ਦੀ ਰਾਮ ਪਿਆਰੀ ਸ਼ੰਖਵਾਰ ਸਭ ਤੋਂ ਬਜ਼ੁਰਗ ਪੁਰਸ਼ ਅਤੇ ਮਹਿਲਾ ਵੋਟਰ ਹਨ, ਜੋ ਕਿ ਦਿੱਲੀ 'ਚ 12 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੋਟਿੰਗ ਕਰਨਗੇ। ਬੱਚਨ ਸਿੰਘ ਪੱਛਮੀ ਦਿੱਲੀ ਦੇ ਤਿਲਕ ਨਗਰ ਦੇ ਵਾਸੀ ਹਨ, ਜਦਕਿ ਰਾਮ ਪਿਆਰੀ ਸ਼ੰਖਵਾਰ ਪੂਰਬੀ ਦਿੱਲੀ ਦੇ ਕੋਂਡਲੀ ਦੀ ਰਹਿਣ ਵਾਲੀ ਹੈ। ਇਹ ਦੋਵੇਂ ਦਿੱਲੀ ਦੇ ਮੁੱਖ ਚੋਣ ਦਫਤਰ ਵਲੋਂ ਪਹਿਚਾਣ ਕੀਤੇ ਗਏ 100 ਸਾਲ ਜਾਂ ਉਸ ਤੋਂ ਵੱਧ ਦੇ 90 ਵੋਟਰਾਂ ਵਿਚ ਸ਼ਾਮਲ ਹਨ, ਜੋ ਅਗਲੇ ਮਹੀਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਨਬੀਰ ਸਿੰਘ ਦੀਆਂ ਯੋਜਨਾਵਾਂ ਮੁਤਾਬਕ ਵੋਟਿੰਗ ਕਰਨ ਲਈ ਉਨ੍ਹਾਂ ਲੋਕਾਂ ਨੂੰ ਲਿਆਉਣ ਅਤੇ ਘਰ ਤਕ ਛੱਡਣ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ।

ੁਬੱਚਨ ਸਿੰਘ ਦੇ ਪੋਤੇ ਗੁਰਚਰਨ ਸਿੰਘ (35) ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਨੂੰ ਕਰੀਬ ਢਾਈ ਮਹੀਨੇ ਪਹਿਲਾਂ ਦਿਮਾਗੀ ਤੌਰ 'ਤੇ ਲਕਵਾਗ੍ਰਸਤ ਹੋ ਗਏ, ਜਿਸ ਕਾਰਨ ਉਨ੍ਹਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਰਹਿੰਦੀ। ਪੋਤੇ ਨੇ ਦੱਸਿਆ ਕਿ ਜਿੱਥੋਂ ਤਕ ਮੈਨੂੰ ਯਾਦ ਹੈ ਉਹ ਵੋਟ ਪਾਉਣ 'ਚ ਪਿੱਛੇ ਨਹੀਂ ਹਟਦੇ, ਕਿਉਂਕਿ ਉਹ ਇਕ-ਇਕ ਵੋਟ ਦੀ ਕੀਮਤ ਜਾਣਦੇ ਹਨ। ਹੁਣ ਉਨ੍ਹਾਂ ਨੂੰ ਚੀਜ਼ਾਂ ਮੁਸ਼ਕਲ ਨਾਲ ਯਾਦ ਰਹਿੰਦੀਆਂ ਹਨ, ਹਾਲਾਂਕਿ ਉਹ ਤੁਰਨ-ਫਿਰਨ 'ਚ ਸਮਰੱਥ ਹਨ। ਅਜਿਹੇ ਵਿਚ ਵੀ ਅਸੀਂ ਉਨ੍ਹਾਂ ਨੂੰ ਵੋਟਿੰਗ ਕੇਂਦਰ ਲੈ ਜਾਵਾਂਗੇ।

ਓਧਰ ਰਾਮ ਪਿਆਰੀ ਸ਼ੰਖਵਾਰ ਪਿਛਲੇ ਇਕ ਦਹਾਕੇ ਤੋਂ ਉਮਰ ਸਬੰਧੀ ਬੀਮਾਰੀਆਂ ਨਾਲ ਜੂਝ ਰਹੀ ਹੈ। ਉਹ ਕੋਂਡਲੀ ਵਿਚ ਵੋਟ ਦੇ ਅਧਿਕਾਰ ਦੀ ਵਰਤੋਂ ਕਰੇਗੀ। ਉਹ ਅਫਸੋਸ ਜ਼ਾਹਰ ਕਰਦੀ ਹੈ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦਾ ਬੁਢਾਪਾ ਪੈਨਸ਼ਨ ਕਾਰਡ ਨਹੀਂ ਬਣਿਆ, ਜੋ ਉਸ ਦਾ ਅਧਿਕਾਰ ਹੈ। ਉਸ ਦਾ ਕਹਿਣਾ ਹੈ ਕਿ ਮੇਰਾ ਕਿਸੇ ਸਿਆਸੀ ਪਾਰਟੀ ਵਿਚ ਕੋਈ ਵਿਸ਼ਵਾਸ ਨਹੀਂ ਹੈ, ਕਿਉਂਕਿ ਉਹ ਸਿਰਫ ਵਾਅਦੇ ਕਰਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਠੰਡੇ ਬਸਤੇ ਵਿਚ ਪਾ ਦਿੰਦੇ ਹਨ। ਰਾਮ ਪਿਆਰੀ ਨੇ ਦੱਸਿਆ ਕਿ ਉਹ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਹੋਈਆਂ ਪਹਿਲੀਆਂ ਆਮ ਚੋਣਾਂ ਤੋਂ ਵੋਟ ਪਾ ਰਹੀ ਹੈ। ਉਨ੍ਹਾਂ ਦੇ ਪੁੱਤਰ ਰਾਮਧਨੀ ਸ਼ੰਖਵਾਰ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਵੋਟ ਪਾਉਣ ਲਈ ਜ਼ਰੂਰ ਲੈ ਕੇ ਜਾਣਗੇ। ਇੱਥੇ ਦੱਸ ਦੇਈਏ ਕਿ ਦਿੱਲੀ ਵਿਚ ਸਾਰੀਆਂ 7 ਸੰਸਦੀ ਸੀਟਾਂ 'ਚ ਅਜਿਹੇ 90 ਵੋਟਰ ਹਨ।


Tanu

Content Editor

Related News