ਲੋਕ ਸਭਾ ਚੋਣਾਂ: ਅਬਦੁੱਲਾ ਪਰਿਵਾਰ ਦੀਆਂ 3 ਪੀੜ੍ਹੀਆਂ ਨੇ ਸ਼੍ਰੀਨਗਰ ''ਚ ਪਾਈ ਵੋਟ
Monday, May 13, 2024 - 01:12 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਦੀ ਸ਼੍ਰੀਨਗਰ ਲੋਕ ਸਭਾ ਸੀਟ 'ਤੇ ਅਬਦੁੱਲਾ ਪਰਿਵਾਰ ਦੀਆਂ 3 ਪੀੜ੍ਹੀਆ ਨੇ ਸੋਮਵਾਰ ਯਾਨੀ ਕਿ ਅੱਜ ਵੋਟ ਪਾਈ। ਇਸ ਮੌਕੇ ਨੈਸ਼ਨਲ ਕਾਨਫਰੰਸ (ਨੇਕਾਂ) ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਅਤੇ ਦੋ ਪੋਤਿਆਂ ਜ਼ਹੀਰ ਅਤੇ ਜ਼ਮੀਰ ਨੇ ਇੱਥੇ ਬਰਨ ਹਾਲ ਸਕੂਲ ਵਿਚ ਸਥਿਤ ਵੋਟਿੰਗ ਕੇਂਦਰ 'ਚ ਵੋਟ ਪਾਈ। ਜ਼ਹੀਰ ਅਤੇ ਜ਼ਮੀਰ ਨੇ ਪਹਿਲੀ ਵਾਰ ਵੋਟ ਪਾਈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸਾਡੇ ਨਾਲ ਪਹਿਲੀ ਵਾਰ ਵੋਟ ਪਾਉਣ ਵਾਲੇ ਦੋ ਵੋਟਰ ਵੀ ਹਨ।
ਇਹ ਪਹਿਲੀ ਵਾਰ ਹੈ ਕਿ ਸਾਡੇ ਪਰਿਵਾਰ ਦੀਆਂ 3 ਪੀੜ੍ਹੀਆਂ ਇਕੱਠਿਆਂ ਵੋਟ ਪਾ ਰਹੀਆਂ ਹਨ। ਸਾਲ 1998 ਮਗਰੋਂ ਅਜਿਹਾ ਪਹਿਲੀ ਵਾਰ ਹੈ ਕਿ ਅਬਦੁੱਲਾ ਪਰਿਵਾਰ ਦਾ ਕੋਈ ਮੈਂਬਰ ਸ਼੍ਰੀਨਗਰ ਤੋਂ ਲੋਕ ਸਭਾ ਚੋਣਾਂ ਨਹੀਂ ਲੜ ਰਿਹਾ ਹੈ। ਇਸ ਸੀਟ 'ਤੇ ਨੈਸ਼ਨਲ ਕਾਨਫਰੰਸ ਨੂੰ ਸਿਰਫ਼ 2014 ਦੀਆਂ ਆਮ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੇਂਦਰ ਵਿਚ ਸੱਤਾਧਾਰੀ ਭਾਜਪਾ ਪਾਰਟੀ ਸ਼੍ਰੀਨਗਰ ਸਮੇਤ ਕਸ਼ਮੀਰ ਦੀਆਂ ਤਿੰਨ ਲੋਕ ਸਭਾ ਸੀਟਾਂ ਵਿਚੋਂ ਕਿਸੇ 'ਤੇ ਵੀ ਚੋਣ ਨਹੀਂ ਲੜ ਰਹੀ ਹੈ। ਭਾਜਪਾ ਨੂੰ ਭਰੋਸਾ ਹੈ ਕਿ ਘਾਟੀ ਵਿਚ ਚੋਣਾਂ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ) ਦਾ ਦਬਦਬਾ ਖ਼ਤਮ ਕਰ ਦੇਣਗੀਆਂ। ਵਿਰੋਧੀ ਗਠਜੋੜ 'ਇੰਡੀਆ' ਦੀ ਹਮਾਇਤ ਪ੍ਰਾਪਤ ਨੈਸ਼ਨਲ ਕਾਨਫਰੰਸ ਨੇ ਪ੍ਰਭਾਵਸ਼ਾਲੀ ਸ਼ੀਆ ਨੇਤਾ ਅਤੇ ਸਾਬਕਾ ਮੰਤਰੀ ਆਗਾ ਰੂਹੁੱਲਾ ਮੇਹਦੀ ਨੂੰ ਮੈਦਾਨ 'ਚ ਉਤਾਰਿਆ ਹੈ ਜਦਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ) ਨੇ ਆਪਣੇ ਯੂਥ ਵਿੰਗ ਦੇ ਪ੍ਰਧਾਨ ਵਹੀਦ ਪਾਰਾ ਨੂੰ ਮੈਦਾਨ 'ਚ ਉਤਾਰਿਆ ਹੈ।
ਧਾਰਾ 370 ਦੀਆਂ ਕੁਝ ਵਿਵਸਥਾਵਾਂ ਨੂੰ ਖਤਮ ਕਰਨ ਤੋਂ ਬਾਅਦ ਕਸ਼ਮੀਰ ਵਿਚ ਇਹ ਪਹਿਲੀ ਵੱਡੀ ਚੋਣ ਹੈ। ਇਹ ਧਾਰਾ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਦੀ ਹੈ। ਉਮਰ ਅਬਦੁੱਲਾ ਨੇ ਦੋਸ਼ ਲਾਇਆ ਕਿ ਹਲਕੇ ਵਿਚ ਵੋਟਿੰਗ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਪਾਰਟੀ ਵਰਕਰਾਂ ਨੂੰ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਆਪਣੇ 8 ਵਰਕਰਾਂ ਦੇ ਨਾਂ ਚੋਣ ਕਮਿਸ਼ਨ ਨੂੰ ਸੌਂਪੇ ਹਨ ਤਾਂ ਜੋ ਉਹ ਇਹ ਨਾ ਕਹਿਣ ਕਿ ਅਸੀਂ ਬਿਨਾਂ ਸਬੂਤਾਂ ਦੇ ਗੱਲ ਕਰ ਰਹੇ ਹਾਂ। ਇਹ ਕੋਈ ਲੰਬੀ ਸੂਚੀ ਨਹੀਂ ਹੈ, ਸਗੋਂ ਛੋਟੀ ਸੂਚੀ ਹੈ।