ਲੋਕ ਸਭਾ ਚੋਣਾਂ 2024 ਦਾ ਤੀਜਾ ਪੜਾਅ: 12 ਸੂਬਿਆਂ ਦੀਆਂ 93 ਸੀਟਾਂ 'ਤੇ ਅੱਜ ਹੋਵੇਗਾ ਮਹਾਮੁਕਾਬਲਾ
Tuesday, May 07, 2024 - 05:15 AM (IST)
ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਲਈ 7 ਮਈ ਯਾਨੀ ਕਿ ਅੱਜ ਵੋਟਾਂ ਪੈਣਗੀਆਂ। ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 93 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਕੁੱਲ 1331 ਉਮੀਦਵਾਰ ਮੈਦਾਨ ਵਿਚ ਹਨ। ਅੱਤ ਦੀ ਗਰਮੀ ਵਿਚਾਲੇ ਵੋਟਰਾਂ ਨੂੰ ਘਰ ਵਿਚੋਂ ਨਿਕਲਣਾ ਚੋਣ ਕਮਿਸ਼ਨ ਲਈ ਚੁਣੌਤੀ ਬਣਿਆ ਹੋਇਆ ਹੈ। ਵੋਟਾਂ ਸਵੇਰੇ 7 ਵਜੇ ਸ਼ੁਰੂ ਹੋਣਗੀਆਂ ਅਤੇ ਸ਼ਾਮ 5 ਵਜੇ ਤੱਕ ਪੈਣਗੀਆਂ। ਇਸ ਪੜਾਅ ਵਿਚ ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਰਗੇ ਕੁਝ ਪ੍ਰਮੁੱਖ ਸੂਬਿਆਂ ਵਿਚ ਵੋਟਾਂ ਪੈਣਗੀਆਂ। ਇਨ੍ਹਾਂ ਸਾਰੀਆਂ ਸੀਟਾਂ 'ਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਇਹ ਵੀ ਪੜ੍ਹੋ- ਤੀਜੇ ਪੜਾਅ ਦੀਆਂ ਲੋਕ ਸਭਾ ਚੋਣਾਂ ਭਲਕੇ, ਅਮਿਤ ਸ਼ਾਹ ਸਣੇ ਕਈ ਧਾਕੜਾਂ ਦੀ ਕਿਸਮਤ ਹੋਵੇਗੀ EVM 'ਚ ਕੈਦ
ਇਨ੍ਹਾਂ ਸੂਬਿਆਂ 'ਚ ਪੈਣਗੀਆਂ ਵੋਟਾਂ
ਇਸ ਪੜਾਅ 'ਚ ਗੁਜਰਾਤ 'ਚ 25, ਕਰਨਾਟਕ 'ਚ 14, ਮੱਧ ਪ੍ਰਦੇਸ਼ 'ਚ 8, ਮਹਾਰਾਸ਼ਟਰ 'ਚ 11, ਉੱਤਰ ਪ੍ਰਦੇਸ਼ 'ਚ 10, ਪੱਛਮੀ ਬੰਗਾਲ 'ਚ 4, ਆਸਾਮ 'ਚ 5 ਸੀਟਾਂ 'ਤੇ ਚੋਣ ਹੋਵੇਗੀ। ਬਿਹਾਰ, ਛੱਤੀਸਗੜ੍ਹ 'ਚ 7 ਸੀਟਾਂ, ਗੋਆ 'ਚ 2 ਸੀਟਾਂ, ਦਾਦਰਾ ਅਤੇ ਨਗਰ ਹਵੇਲੀ 'ਚ 2 ਸੀਟਾਂ, ਦਮਨ ਅਤੇ ਦੀਵ ਅਤੇ ਜੰਮੂ-ਕਸ਼ਮੀਰ 'ਚ ਇਕ ਸੀਟ ਹੈ। ਇਸ ਪੜਾਅ ਵਿਚ ਲਗਭਗ 120 ਔਰਤਾਂ ਸਮੇਤ 1,300 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਇਨ੍ਹਾਂ ਦਿੱਗਜ ਨੇਤਾਵਾਂ ਦੀ ਕਿਸਮਤ ਲੱਗੀ ਦਾਅ 'ਤੇ
ਤੀਜੇ ਪੜਾਅ ਵਿਚ ਵੱਡੇ ਨੇਤਾਵਾਂ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ (ਗਾਂਧੀ ਨਗਰ), ਜੋਤੀਰਾਦਿਤਿਆ ਸਿੰਧੀਆ (ਗੁਣਾ), ਮਨਸੁਖ ਮੰਡਾਵੀਆ (ਪੋਰਬੰਦਰ), ਪੁਰਸ਼ੋਤਮ ਰੁਪਾਲਾ (ਰਾਜਕੋਟ), ਪ੍ਰਹਿਲਾਦ ਜੋਸ਼ੀ (ਧਾਰਵਾੜ) ਅਤੇ ਐਸ.ਪੀ ਸਿੰਘ ਬਘੇਲ (ਆਗਰਾ) ਸ਼ਾਮਲ ਹਨ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਵਿਦਿਸ਼ਾ) ਅਤੇ ਦਿਗਵਿਜੇ ਸਿੰਘ (ਰਾਜਗੜ੍ਹ) ਵੀ ਇਸ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰ ਅਤੇ ਨਗਰ ਹਵੇਲੀ ਤੇ ਦਮਨ ਤੇ ਦੀਵ ਦੀਆਂ 2 ਸੀਟਾਂ 'ਤੇ ਤੀਜੇ ਪੜਾਅ ਵਿਚ ਵੋਟਿੰਗ ਹੋਵੇਗੀ। ਦੱਸ ਦੇਈਏ ਕਿ ਅਨੰਤਨਾਗ-ਰਾਜੌਰੀ ਸੀਟ 'ਤੇ ਹੋਣ ਵਾਲੀਆਂ ਚੋਣਾਂ ਹੁਣ 6ਵੇਂ ਪੜਾਅ ਲਈ ਟਾਲ ਦਿੱਤੀਆਂ ਗਈਆਂ ਹਨ। ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਦੀ ਪਤਨੀ ਅਤੇ ਮੌਜੂਦਾ ਸੰਸਦ ਮੈਂਬਰ ਡਿੰਪਲ ਯਾਦਵ ਪਾਰਟੀ ਦੇ ਗੜ੍ਹ, ਉੱਤਰ ਪ੍ਰਦੇਸ਼ ਦੇ ਮੈਨਪੁਰੀ ਤੋਂ ਆਗਰਾ ਤੋਂ ਦੂਜੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਭਾਜਪਾ ਦੇ ਜੈਵੀਰ ਸਿੰਘ ਅਤੇ ਐਸਪੀ ਸਿੰਘ ਬਘੇਲ ਵਿਰੁੱਧ ਸੀਟ ਬਰਕਰਾਰ ਰੱਖਣ ਦੀ ਉਮੀਦ ਵਿਚ ਚੋਣ ਲੜਨਗੇ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਤੀਜੇ ਪੜਾਅ ਦੇ 244 ਉਮੀਦਵਾਰਾਂ ਦੇ ਵਿਰੁੱਧ ਅਪਰਾਧਿਕ ਮਾਮਲੇ, ADR ਨੇ ਜਾਰੀ ਕੀਤੇ ਅੰਕੜੇ
ਦੋ ਪੜਾਅ 'ਚ ਹੋ ਚੁੱਕੀ ਹੈ ਵੋਟਿੰਗ
ਮੱਧ ਪ੍ਰਦੇਸ਼ 'ਚ ਸਾਬਕਾ ਮੁੱਖ ਮੰਤਰੀ ਅਤੇ 'ਮਾਮਾ' ਸ਼ਿਵਰਾਜ ਸਿੰਘ ਚੌਹਾਨ ਵਿਦਿਸ਼ਾ ਤੋਂ ਚੋਣ ਲੜ ਰਹੇ ਹਨ। ਇਹ ਸੀਟ ਭਾਜਪਾ ਦਾ ਗੜ੍ਹ ਰਹੀ ਹੈ ਕਿਉਂਕਿ ਇਹ 2009 ਅਤੇ 2014 ਵਿਚ ਮਰਹੂਮ ਸੁਸ਼ਮਾ ਸਵਰਾਜ ਅਤੇ 2019 ਵਿੱਚ ਰਮਾਕਾਂਤ ਭਾਰਗਵ ਨੇ ਜਿੱਤੀ ਸੀ। ਦੱਸ ਦੇਈਏ ਕਿ ਪਹਿਲਾ ਪੜਾਅ 19 ਅਪ੍ਰੈਲ ਨੂੰ ਹੋਇਆ ਸੀ, ਜਦੋਂ ਕਿ ਦੂਜਾ ਪੜਾਅ 26 ਅਪ੍ਰੈਲ ਨੂੰ ਹੋਇਆ ਸੀ। ਸਾਰੇ ਸੱਤ ਪੜਾਵਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਤੀਜੇ ਗੇੜ ਦੀਆਂ ਚੋਣਾਂ ’ਚ ਕਈ ਦਿੱਗਜਾਂ ਦੀ ਸਾਖ ਦਾਅ ’ਤੇ