ਭਾਜਪਾ 'ਚ ਜਸ਼ਨ ਦਾ ਮਾਹੌਲ, ਸ਼ਾਮ ਨੂੰ ਪਾਰਟੀ ਦਫਤਰ ਪਹੁੰਚ ਸਕਦੇ ਪੀ. ਐੱਮ. ਮੋਦੀ

Thursday, May 23, 2019 - 10:10 AM (IST)

ਭਾਜਪਾ 'ਚ ਜਸ਼ਨ ਦਾ ਮਾਹੌਲ, ਸ਼ਾਮ ਨੂੰ ਪਾਰਟੀ ਦਫਤਰ ਪਹੁੰਚ ਸਕਦੇ ਪੀ. ਐੱਮ. ਮੋਦੀ

ਨਵੀਂ ਦਿੱਲੀ (ਬਿਊਰੋ) — ਲੋਕ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਭਾਜਪਾ ਨੇ ਜਸ਼ਨ ਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਹਨ। ਦਿੱਲੀ 'ਚ ਭਾਜਪਾ ਦਫਤਰ 'ਚ ਵਰਕਰ ਤੇ ਨੇਤਾ ਆਉਣ ਲੱਗੇ ਹਨ। ਇਥੇ ਪੂਜਾ ਵੀ ਸ਼ੁਰੂ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਨਤੀਜੇ ਭਾਜਪਾ ਦੇ ਪੱਖ 'ਚ ਆਏ ਤਾਂ ਸ਼ਾਮ ਨੂੰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਦਫਤਰ ਪਹੁੰਚਣਗੇ। ਇਸ ਤੋਂ ਇਲਾਵਾ ਭਾਜਪਾ ਦਫਤਰ 'ਚ 20 ਤੋਂ 22 ਹਜ਼ਾਰ ਵਰਕਰਾਂ ਦੇ ਪਹੁੰਚਣ ਦੀ ਵੀ ਉਮੀਦ ਹੈ।

ਦਿੱਲੀ ਭਾਜਪਾ ਉਮੀਦਵਾਰ ਮਨੋਜ ਤਿਵਾਰੀ ਨੇ ਵਰਕਰਾਂ ਨੂੰ ਜਿੱਤ ਤੋਂ ਬਾਅਦ ਭਾਜਪਾ ਦੇ ਦਫਤਰ ਪਹੁੰਚਣ ਦੀ ਅਪੀਲ ਕੀਤੀ ਹੈ। ਮਨੋਜ ਤਿਵਾਰੀ ਨੇ ਕਿਹਾ ਕਿ 20 ਤੋਂ 22 ਹਜ਼ਾਰ ਤੋਂ ਜ਼ਿਆਦਾ ਵਰਕਰ ਅੱਜ ਭਾਜਪਾ ਦੇ ਦਫਤਰ ਪਹੁੰਚਣਗੇ। ਸ਼ਾਮ ਨੂੰ ਜਿੱਤ ਦਾ ਜਸ਼ਨ ਮਨਾਉਣ ਖੁਦ ਪੀ. ਐੱਮ. ਨਰਿੰਦਰ ਮੋਦੀ ਆਉਣਗੇ।

ਜਸ਼ਨ ਦੀਆਂ ਤਿਆਰੀਆਂ ਸ਼ੁਰੂ, ਬਣਾਏ ਜਾ ਰਹੇ ਹਨ ਲੱਡੂ

ਐਗਜ਼ਿਟ ਪੋਲ ਤੋਂ ਉਤਸ਼ਾਹਿਤ ਭਾਜਪਾ ਵਰਕਰਾਂ ਨੇ ਨਤੀਜਿਆਂ ਤੋਂ ਪਹਿਲਾਂ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕੱਛ ਤੋਂ ਕਾਮਰੂਪ ਤੱਕ ਜਸ਼ਨ ਦੀ ਪੂਰੀ ਤਿਆਰੀ ਕਰ ਰੱਖੀ ਹੈ। ਦੇਰ ਰਾਤ ਤੋਂ ਹੀ ਲੱਡੂ ਬਣਾਉਣ ਦਾ ਸਿਲਸਿਲਾ ਜ਼ਾਰੀ ਹੈ। ਗੁਜਰਾਤ ਦਾ ਨਵਸਾਰੀ ਹੋਵੇ ਜਾਂ ਬਿਹਾਰ ਦੀ ਗਯਾ, ਯੂ. ਪੀ. 'ਚ ਮਿਰਜ਼ਾਪੁਰ ਹੋਵੇ ਜਾਂ ਰਾਜਸਥਾਨ ਦਾ ਭਰਤਪੁਰ ਵਰਕਰਾਂ ਦਾ ਜੋਸ਼ ਸੱਤਵੇਂ ਆਸਮਾਨ 'ਤੇ ਹੈ। ਦਿੱਲੀ 'ਚ ਤਾਂ ਖਾਸ ਤੌਰ ਤੋਂ ਕਮਲ ਛਾਪ ਕਾਜੂ-ਪਿਸਤਾ ਦੀ ਮਿਠਾਈ ਬਣਵਾਈ ਗਈ ਹੈ। ਹੁਣ ਈ. ਵੀ. ਐੱਮ. ਖੁੱਲ੍ਹਣ ਦਾ ਇੰਤਜ਼ਾਰ ਹੋ ਰਿਹਾ ਹੈ।

ਭਾਜਪਾ ਦੇ ਦਿੱਗਜਾਂ ਦੀ ਕਿਸਮਤ ਦਾ ਫੈਸਲਾ ਅੱਜ

ਵਾਰਾਣਸੀ ਤੋਂ ਖੁਦ ਪੀ. ਐੱਮ. ਨਰਿੰਦਰ ਮੋਦੀ ਮੈਦਾਨ 'ਚ ਹੈ ਤਾਂ ਭਾਜਪਾ ਉਮੀਦਵਾਰ ਅਮਿਤ ਸ਼ਾਹ ਗਾਂਧੀਨਗਰ ਲੋਕਸਭਾ ਸੀਟ ਤੋਂ ਕਿਸਮਤ ਆਜਮਾ ਰਹੇ ਹਨ। ਉਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ। ਇਸ ਤੋਂ ਇਲਾਵਾ ਭਾਜਪਾ ਦੇ ਮੰਤਰੀਆਂ ਦੀ ਕਿਸਮਤ ਦਾ ਵੀ ਫੈਸਲਾ ਕੁਝ ਘੰਟਿਆਂ ਬਾਅਦ ਆਵੇਗਾ। ਲਖਨਊ ਤੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ, ਪਟਨਾ ਸਾਹਿਬ ਤੋਂ ਰਵੀਸ਼ੰਕਰ ਪ੍ਰਸਾਦ, ਅਮੇਠੀ ਤੋਂ ਸਮ੍ਰਿਤੀ ਈਰਾਨੀ, ਸੁਲਤਾਨਪੁਰ ਤੋਂ ਮੇਨਕਾ ਗਾਂਧੀ ਤੇ ਪੂਰਵੀ ਚੰਪਾਰਣ ਤੋਂ ਰਾਧਾਮੋਹਨ ਸਿੰਘ ਮੈਦਾਨ 'ਚ ਹਨ।

ਸਹਿਯੋਗੀਆਂ ਨੂੰ ਵੀ ਮੋਦੀ ਲਹਿਰ ਤੋਂ ਉਮੀਦ

ਭਾਜਪਾ ਦੇ ਸਹਿਯੋਗੀ ਦਲ ਵੀ ਤੂਫਾਨੀ ਜਿੱਤ ਦੀ ਉਮੀਦ ਲਾਈ ਬੈਠੇ ਹਨ। ਮੋਦੀ ਸਰਕਾਰ 'ਚ ਮੰਤਰੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਅਪਨਾ ਦਲ ਦੀ ਅਨੁਪ੍ਰਿਯਾ ਪਟੇਲ ਤੇ ਸ਼ਿਵਸੈਨਾ ਦੇ ਅਨੰਤ ਗੀਤੇ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਲੋਕਾਂ ਨੇ ਈ. ਵੀ. ਐੱਮ. ਦਬਾ ਕੇ ਇਨ੍ਹਾਂ ਮੰਤਰੀਆਂ 'ਤੇ ਆਪਣਾ ਫੈਸਲਾ ਚੁਣਾ ਦਿੱਤਾ ਹੈ। ਹੁਣ ਸਿਰਫ ਨਤੀਜਿਆਂ ਦਾ ਇੰਤਜ਼ਾਰ ਹੈ। 


author

sunita

Content Editor

Related News