ਤਿੰਨ ਤਲਾਕ ਬਿੱਲ 'ਤੇ ਚਰਚਾ ਤੋਂ ਪਹਿਲਾਂ ਹੰਗਾਮੇ ਕਾਰਨ ਸੰਸਦ ਠੱਪ

Thursday, Dec 27, 2018 - 01:22 PM (IST)

ਤਿੰਨ ਤਲਾਕ ਬਿੱਲ 'ਤੇ ਚਰਚਾ ਤੋਂ ਪਹਿਲਾਂ ਹੰਗਾਮੇ ਕਾਰਨ ਸੰਸਦ ਠੱਪ

ਨਵੀਂ ਦਿੱਲੀ— ਲੋਕ ਸਭਾ 'ਚ ਅੱਜ ਭਾਵ ਵੀਰਵਾਰ ਨੂੰ ਤਿੰਨ ਤਲਾਕ ਦੇ ਮੁੱਦੇ ਨੂੰ ਲੈ ਕੇ ਚਰਚਾ ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ ਲੋਕ ਸਭਾ ਦੀ ਕਾਰਵਾਈ ਨੂੰ ਇਕ ਵਾਰ ਫਿਰ ਮੁਲਤਵੀ ਕਰਨਾ ਪਿਆ। ਦਰਅਸਲ 12 ਵਜੇ ਤੋਂ ਬਾਅਦ ਸੰਸਦ ਦੀ ਕਾਰਵਾਈ ਮੁੜ ਸ਼ੁਰੂ ਹੋਈ। ਇਸ ਦੌਰਾਨ ਰਾਫੇਲ ਸੌਦੇ, ਕਾਵੇਰੀ ਮਾਮਲੇ ਅਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਨੂੰ ਲੈ ਕੇ ਕਾਂਗਰਸ, ਅੰਨਾਦਰਮੁਕ, ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਮੈਂਬਰਾਂ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ।

ਇੱਥੇ ਦੱਸ ਦਈਏ ਕਿ ਸਰਦ ਰੁੱਤ ਸੈਸ਼ਨ ਦਾ ਅੱਜ 10ਵਾਂ ਦਿਨ ਹੈ। ਲੋਕ ਸਭਾ ਵਿਚ ਤਿੰਨ ਤਲਾਕ 'ਤੇ ਪਾਬੰਦੀ ਲਾਉਣ ਵਾਲੇ ਮੁਸਲਿਮ ਔਰਤਾਂ ਦੇ ਵਿਆਹ ਅਧਿਕਾਰ ਸੁਰੱਖਿਆ ਬਿੱਲ-2018 'ਤੇ ਚਰਚਾ ਲਈ 27 ਦਸੰਬਰ ਭਾਵ ਅੱਜ ਦਾ ਦਿਨ ਚੁਣਿਆ ਹੈ। ਇਸ ਬਿੱਲ ਨੂੰ ਲੈ ਕੇ ਪਿਛਲੇ ਹਫਤੇ ਕਾਂਗਰਸ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਸੁਝਾਅ ਦਿੱਤਾ ਸੀ ਕਿ ਇਸ 'ਤੇ ਅਗਲੇ ਹਫਤੇ ਚਰਚਾ ਕਰਵਾਈ ਜਾਵੇ। ਇਸ ਬਿੱਲ ਦੇ ਕਾਨੂੰਨ ਬਣਨ ਜਾਣ ਮਗਰੋਂ ਤਿੰਨ ਤਲਾਕ ਦੇਣਾ ਗੈਰ-ਕਾਨੂੰਨੀ ਹੋਵੇਗਾ ਅਤੇ ਇਸ ਲਈ 3 ਸਾਲ ਤਕ ਦੀ ਸਜ਼ਾ ਵੀ ਹੋ ਸਕਦੀ ਹੈ। ਬਿੱਲ ਪੇਸ਼ ਕਰਦੇ ਹੋਏ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਵਲੋਂ ਗੈਰ-ਕਾਨੂੰਨੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਤਿੰਨ ਤਲਾਕ ਦੀ ਪ੍ਰਥਾ ਨਹੀਂ ਰੁਕ ਰਹੀ ਹੈ।


Related News