ਜੇਕਰ ਨਿਤੀਸ਼ ਗਲਤੀ ਨਾਲ ਵੀ ਚੋਣ ਜਿੱਤ ਗਏ ਤਾਂ ਬਿਹਾਰ ਬਰਬਾਦ ਹੋ ਜਾਵੇਗਾ: ਚਿਰਾਗ

10/21/2020 4:16:43 PM

ਪਟਨਾ— ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਮੁਖੀ ਚਿਰਾਗ ਪਾਸਵਾਨ ਨੇ ਬੁੱਧਵਾਰ ਯਾਨੀ ਕਿ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਨਿਤੀਸ਼ ਕੁਮਾਰ ਆਉਣ ਵਾਲੀਆਂ ਚੋਣਾਂ ਗਲਤੀ ਨਾਲ ਵੀ ਜਿੱਤ ਗਏ ਤਾਂ ਬਿਹਾਰ ਬਰਬਾਦ ਹੋਣ ਦੀ ਕਗਾਰ 'ਤੇ ਹੋਵੇਗਾ। ਜੇਕਰ ਮੌਜੂਦਾ ਮੁੱਖ ਮੰਤਰੀ ਮੁੜ ਤੋਂ ਇਸ ਵਾਰ ਚੋਣ ਨੂੰ ਗਲਤੀ ਨਾਲ ਜਿੱਤਦੇ ਹਨ ਤਾਂ ਸਾਡਾ ਸੂਬਾ ਹਾਰ ਜਾਵੇਗਾ। ਸਾਡਾ ਸੂਬਾ ਫਿਰ ਤੋਂ ਬਰਬਾਦ ਹੋਣ ਦੀ ਕਗਾਰ 'ਤੇ ਖੜ੍ਹਾ ਹੋਵੇਗਾ। ਉਨ੍ਹਾਂ ਦੀ ਅਗਵਾਈ ਵਿਚ ਬਿਹਾਰ ਦੇ ਵਿਕਾਸ ਦੀ ਕਲਪਨਾ ਕਰਨਾ ਵੀ ਉੱਚਿਤ ਨਹੀਂ ਹੈ। ਪਾਸਵਾਨ ਨੇ ਬਿਹਾਰ ਵਿਧਾਨਸਭਾ ਚੋਣਾਂ ਲਈ ਪਾਰਟੀ ਦੇ ਮੈਨੀਫੈਸਟੋ ਨੂੰ ਲਾਂਚ ਕਰਦਿਆਂ ਇਹ ਗੱਲਾਂ ਆਖੀਆਂ।

ਇਹ ਵੀ ਪੜ੍ਹੋ: ਚਿਰਾਗ ਪਾਸਵਾਨ ਬੋਲੇ- ਸ਼ੇਰ ਦਾ ਬੱਚਾ ਹਾਂ, ਜੰਗਲ ਚੀਰ ਕੇ ਨਿਕਲਾਂਗਾ

ਚਿਰਾਗ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੈਨੀਫੈਸਟੋ 'ਬਿਹਾਰ ਪਹਿਲਾਂ, ਬਿਹਾਰੀ ਪਹਿਲਾਂ' ਵਿਜ਼ਨ 'ਤੇ ਆਧਾਰਿਤ ਹੋਵੇਗਾ। ਬਿਹਾਰ ਵਿਧਾਨਸਭਾ ਚੋਣਾਂ ਲਈ ਸਾਡੀ ਪਾਰਟੀ ਦਾ ਮੈਨੀਫੈਸਟੋ ਵੱਖ-ਵੱਖ ਸਮੱਸਿਆਵਾਂ ਦਾ ਹੱਲ ਕਰੇਗਾ, ਜੋ ਬਿਹਾਰ ਦੇ ਲੋਕ ਲੰਬੇ ਸਮੇਂ ਤੋਂ ਝੱਲ ਰਹੇ ਹਨ। ਉਨ੍ਹਾਂ ਨੇ ਕਈ ਵੱਡੇ ਵਾਅਦੇ ਕੀਤੇ ਹਨ। ਚਿਰਾਗ ਨੇ ਕਿਹਾ ਕਿ ਸੂਬੇ ਵਿਚ ਵੱਡੇ ਪੱਧਰ 'ਤੇ ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ ਖੋਲ੍ਹਣ ਦਾ ਵਾਅਦਾ, ਤਾਂ ਕਿ ਬਿਹਾਰੀ ਯੁਵਾ ਬਾਹਰ ਪੜ੍ਹਨ ਨਾ ਜਾਣ। ਇਕ ਵੈੱਬ ਪੋਰਟਲ ਦਾ ਨਿਰਮਾਣ ਕਰਨਾ, ਜਿੱਥੇ ਮਾਲਕ ਅਤੇ ਨੌਕਰੀ ਚਾਹੁਣ ਵਾਲੇ ਜੁੜ ਸਕਦੇ ਹਨ। ਸਾਰੇ ਬਲਾਕ ਹੈੱਡਕੁਆਟਰਾਂ, ਗ੍ਰਾਮ ਪੰਚਾਇਤ ਹੈੱਡਕੁਆਰਟਰ ਅਤੇ ਬਜ਼ਾਰਾਂ ਵਿਚ ਬੀਬੀਆਂ ਲਈ ਵੱਖ-ਵੱਖ ਪਖ਼ਾਨੇ ਬਣ ਸਕਦੇ ਹਨ। ਨਦੀਆਂ ਨੂੰ ਜੋੜਨ ਦਾ ਕੰਮ ਤੇਜ਼ੀ ਨਾਲ ਹੋਣਾ ਚਾਹੀਦਾ ਹੈ, ਤਾਂ ਕਿ ਹੜ੍ਹ ਅਤੇ ਸੋਕੇ ਦੀ ਸਮੱਸਿਆ ਦੂਰ ਹੋ ਸਕੇ। ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਮਿਲਣ ਦੇ ਹੱਕ ਵਿਚ ਉਨ੍ਹਾਂ ਗੱਲ ਕੀਤੀ। ਦੱਸਣਯੋਗ ਹੈ ਕਿ ਬਿਹਾਰ ਵਿਧਾਨਸਭਾ ਚੋਣਾਂ 243 ਸੀਟਾਂ 'ਤੇ ਤਿੰਨ ਪੜਾਵਾਂ 'ਚ ਹੋਣਗੀਆਂ। 28 ਅਕਤੂਬਰ, 3 ਨਵੰਬਰ ਅਤੇ 7 ਨਵੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ।


Tanu

Content Editor Tanu