ਲਾਕਡਾਊਨ ਕਾਰਣ ਬਾਲੀਵੁਡ ਨੂੰ ਝੱਲਣਾ ਪਵੇਗਾ 1300 ਕਰੋੜ ਦਾ ਨੁਕਸਾਨ
Tuesday, Mar 31, 2020 - 10:50 PM (IST)
ਮੁੰਬਈ- ਕੋਰੋਨਾ ਵਾਇਰਸ ਕਾਰਣ ਦੇਸ਼ ਭਰ ’ਚ ਜਾਰੀ ਲਾਕਡਾਊਨ ਕਾਰਣ ਕਾਰੋਬਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਭਾਰਤ ਦੀ ਹਿੰਦੀ ਇੰਟਰਟੇਨਮੈਂਟ ਇੰਡਸਟਰੀ ਕਾਫੀ ਵੱਡੀ ਹੈ। ਲਾਕਡਾਊਨ ਦਾ ਅਸਰ ਇਸ ’ਤੇ ਬਹੁਤ ਜ਼ਿਆਦਾ ਪੈਣ ਵਾਲਾ ਹੈ। ਇਹ ਨੁਕਸਾਨ 1300 ਕਰੋੜ ਰੁਪਏ ਤਕ ਦਾ ਹੋ ਸਕਦਾ ਹੈ। ਮਾਰਚ, ਅਪ੍ਰੈਲ ਅਤੇ ਮਈ ’ਚ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਸਨ ਪਰ ਹੁਣ ਉਨ੍ਹਾਂ ਦੀ ਰਿਲੀਜ਼ ’ਤੇ ਰੋਕ ਲਗਾ ਦਿੱਤੀ ਗਈ ਹੈ।
ਟਰੇਡ ਐਨਾਲਿਸਟ ਨੇ ਦੱਸਿਆ ਕਿ ਇਕ ਫਿਲਮ ਕਿੰਨਾ ਪੈਸਾ ਕਮਾ ਸਕਦੀ ਹੈ, ਇਹ ਇਨ੍ਹਾਂ ਗੱਲਾਂ ’ਤੇ ਨਿਰਭਰ ਕਰਦਾ ਹੈ ਕਿ ਫਿਲਮ ਕਿੰਨੀਆਂ ਸਕਰੀਨਾਂ ’ਤੇ ਰਿਲੀਜ਼ ਹੋ ਰਹੀ ਹੈ, ਐਕਟਰ ਕੌਣ ਅਤੇ ਕਿੰਨੇ ਸ਼ੋਅ ਹਨ। ਟ੍ਰੇਡ ਐਨਾਲਿਟਸ ਅਤੁਲ ਮੋਹਨ ਨੇ ਦੱਸਿਆ ਕਿ ਪਿਛਲੇ 2 ਸਾਲਾਂ ’ਚ ਅਸੀਂ ਲੋਕ ਅਪ੍ਰੈਲ-ਜੂਨ ਤਕ 850-900 ਕਰੋੜ ਤਕ ਦਾ ਕੁਲੈਕਸ਼ਨ ਕਰ ਲੈਂਦੇ ਹਾਂ। ਇਸ ਸਾਲ ਅਸੀਂ ਇਹ ਬਿਜ਼ਨੈੱਸ ਗੁਆਉਣ ਵਾਲੇ ਹਾਂ।
ਬਾਲੀਵੁਡ ’ਤੇ ਮਹਾਮਾਰੀ ਦਾ ਬਹੁਤ ਡੂੰਘਾ ਅਸਰ ਪਿਆ ਹੈ। ਈਦ ਵੀਕੈਂਡ ’ਤੇ ਹਰ ਸਾਲ ਬਹੁਤ ਵਧੀਆ ਕੁਲੈਕਸ਼ਨ ਹੁੰਦਾ ਹੈ। ਇਸ ਸਾਲ 2020 ਈਦ ’ਤੇ ਸਲਮਾਨ ਖਾਨ ਦੀ ‘ਰਾਧੇ’ ਅਤੇ ਅਕਸ਼ੈ ਕੁਮਾਰ ਦੀ ‘ਲਕਸ਼ਮੀ ਬੰਬ’ ਰਿਲੀਜ਼ ਹੋਣ ਵਾਲੀ ਸੀ। 2019 ’ਚ ‘ਭਾਰਤ’ ਰਿਲੀਜ਼ ਹੋਈ ਸੀ। ਫਿਲਮ ਨੇ 150 ਕਰੋੜ ਦਾ ਕੁਲੈਕਸ਼ਨ ਕੀਤਾ ਸੀ। ‘ਰੇਸ-3’ ਨੇ 106.47 ਕਰੋੜ ਦਾ ਬਿਜ਼ਨੈੱਸ ਕੀਤਾ ਸੀ। ਇਸ ਈਦ ਦੇ ਵੀਕੈਂਡ ’ਤੇ ਦੋਵੇਂ ਫਿਲਮਾਂ 175 ਕਰੋੜ ਦਾ ਬਿਜ਼ਨੈੱਸ ਕਰ ਸਕਦੀਆਂ ਹਨ।
15 ਮਾਰਚ ਨੂੰ ਫਿਲਮ ਇੰਡਸਟਰੀ ਨੇ ਫੈਸਲਾ ਕੀਤਾ ਸੀ ਕਿ 31 ਮਾਰਚ ਤਕ ਸਾਰੇ ਸ਼ੋਅ, ਫਿਲਮਾਂ ਅਤੇ ਵੈੱਬ ਸੀਰੀਜ਼ ਦੀ ਸ਼ੂਟਿੰਗ ਰੋਕ ਦਿੱਤੀ ਜਾਵੇ। ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਣ ਇਹ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ 24 ਮਾਰਚ ਨੂੰ ਪੀ. ਐੱਮ. ਮੋਦੀ ਨੇ 21 ਦਿਨ ਦੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ।