ਕੱਦ ''ਚ ਦੁਨੀਆ ਦੀ ਸਭ ਤੋਂ ਛੋਟੀ ਔਰਤ ਨੇ ਲੋਕਾਂ ਨੂੰ ਕੀਤੀ ਇਹ ਅਪੀਲ
Tuesday, Apr 14, 2020 - 10:01 AM (IST)
ਨਾਗਪੁਰ— ਕੱਦ 'ਚ ਦੁਨੀਆ ਦੀ ਸਭ ਤੋਂ ਛੋਟੀ ਔਰਤ ਜੋਤੀ ਆਗਮੇ ਨੇ ਲੋਕਾਂ ਨੂੰ ਲਾਕਡਾਊਨ ਦੌਰਾਨ ਘਰਾਂ 'ਚ ਰਹਿਣ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕਰਨ ਲਈ 26 ਸਾਲਾ ਆਗਮੇ ਆਪਣੇ ਗ੍ਰਹਿ ਨਗਰ ਨਾਗੁਪਰ ਦੀਆਂ ਸੜਕਾਂ 'ਤੇ ਉਤਰੀ। ਉਨ੍ਹਾਂ ਦਾ ਕੱਦ ਸਿਰਫ 62.8 ਸੈਂਟੀਮੀਟਰ ਹੈ।
ਨਾਗਪੁਰ ਪੁਲਸ ਨਾਲ ਆਗਮੇ ਨੇ ਲੋਕਾਂ ਨੂੰ ਇਸ ਵਾਇਰਸ ਨਾਲ ਨਜਿੱਠਣ 'ਚ ਸਥਾਨਕ ਪ੍ਰਸ਼ਾਸਨ ਦੀ ਮਦਦ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਆਗਮੇ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਗਪੁਰ ਪੁਲਸ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਜਾਨਲੇਵਾ ਵਾਇਰਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਬੇਨਤੀ ਕਰਨ, ਤਾਂ ਕਿ ਵਾਇਰਸ ਦੀ ਚੇਨ ਨੂੰ ਤੋੜਨ 'ਚ ਮਦਦ ਮਿਲ ਸਕੇ।
ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪੀੜਤ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ। ਯਾਨੀ ਕਿ 10,363 ਮਾਮਲੇ ਹੁਣ ਤਕ ਸਾਹਮਣੇ ਆ ਚੁੱਕੇ ਹਨ ਅਤੇ 339 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਤੋਂ ਹੁਣ ਤਕ 1,035 ਲੋਕ ਠੀਕ ਵੀ ਹੋਏ ਹਨ। ਇਸ ਵਾਇਰਸ ਤੋਂ ਬਚਣ ਦਾ ਇਕੋਂ-ਇਕ ਉਪਾਅ ਹੈ-ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ।