ਭਗਵਾਨ ਦੇ ਘਰ ਵੀ ਨੌਕਰੀ ਅਸੁਰੱਖਿਅਤ, ਤਿਰੂਪਤੀ ਬਾਲਾਜੀ ਮੰਦਰ ਦੇ 1300 ਕਰਮਚਾਰੀ ਕੱਢੇ ਗਏ

Sunday, May 03, 2020 - 02:37 PM (IST)

ਭਗਵਾਨ ਦੇ ਘਰ ਵੀ ਨੌਕਰੀ ਅਸੁਰੱਖਿਅਤ, ਤਿਰੂਪਤੀ ਬਾਲਾਜੀ ਮੰਦਰ ਦੇ 1300 ਕਰਮਚਾਰੀ ਕੱਢੇ ਗਏ

ਨਵੀਂ ਦਿੱਲੀ- ਲਾਕਡਾਊਨ ਦਾ ਅਸਰ ਦੇਸ਼ ਦੇ ਸਭ ਤੋਂ ਅਮੀਰ ਮੰਦਰ 'ਤੇ ਵੀ ਪਿਆ ਹੈ। ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਰ 'ਚ ਤਾਇਨਾਤ 1300 ਠੇਕਾ ਕਰਮਚਾਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਇਨਾਂ ਕਰਮਚਾਰੀਆਂ ਦਾ ਠੇਕਾ 30 ਅਪ੍ਰੈਲ ਨੂੰ ਖਤਮ ਹੋ ਗਿਆ ਅਤੇ ਮੰਦਰ ਪ੍ਰਸ਼ਾਸਨ ਨੇ 1 ਮਈ ਨੂੰ ਠੇਕਾ ਰੀਨਿਊ ਕਰਨ ਤੋਂ ਮਨਾ ਕਰ ਦਿੱਤਾ ਹੈ। ਦਰਅਸਲ ਤਿਰੂਪਤੀ ਬਾਲਾਜੀ ਮੰਦਰ ਪ੍ਰਬੰਧਨ ਨੇ ਠੇਕੇ 'ਤੇ ਕੰਮ ਕਰ ਰਹੇ 1300 ਕਰਮਚਾਰੀਆਂ ਨੂੰ ਇਕ ਮਈ ਤੋਂ ਕੰਮ 'ਤੇ ਆਉਣ ਤੋਂ ਮਨਾ ਕਰ ਦਿੱਤਾ। ਮੰਦਰ ਪ੍ਰਸ਼ਾਸਨ ਨੇ ਕਿਹਾ ਕਿ ਲਾਕਡਾਊਨ ਕਾਰਨ ਕੰਮ ਬੰਦ ਹੈ, ਇਸ ਲਈ ਹੁਣ ਇਨਾਂ 1300 ਕਰਮਚਾਰੀਆਂ ਦਾ ਠੇਕਾ 30 ਅਪ੍ਰੈਲ ਤੋਂ ਅੱਗੇ ਨਹੀਂ ਵਧਾ ਸਕਣਗੇ।

ਤਿਰੂਮਾਲਾ ਤਿਰੂਪਤੀ ਦੇਵਸਥਾਨਮ (TTD) ਟਰੱਸਟ ਵਲੋਂ ਤਿੰਨ ਗੈਸਟ ਹਾਊਸ ਚਲਾਏ ਜਾਂਦੇ ਹਨ, ਜਿਨਾਂ ਦੇ ਨਾਂ ਵਿਸ਼ਨੂੰ ਨਿਵਾਸਮ, ਸ਼੍ਰੀਨਿਵਾਸਮ ਅਤੇ ਮਾਧਵਮ ਹੈ। ਕੱਢੇ ਗਏ ਸਾਰੇ 1300 ਕਰਮਚਾਰੀ ਇਨਾਂ ਗੈਸਟ ਹਾਊਸਾਂ 'ਚ ਕਈ ਸਾਲਾਂ ਤੋਂ ਕੰਮ ਕਰਦੇ ਸਨ। ਤਿਰੂਪਤੀ ਬਾਲਾਜੀ ਮੰਦਰ ਦੇ ਚੇਅਰਮੈਨ ਵਾਈ.ਵੀ. ਸੁੱਬਾ ਰੈੱਡੀ ਨੇ ਕਿਹਾ ਕਿ ਲਾਕਡਾਊਨ ਕਾਰਨ ਸਾਰੇ ਗੈਸਟ ਹਾਊਸ ਬੰਦ ਹਨ, ਜਿਸ ਕਾਰਨ ਇਨਾਂ ਕਰਮਚਾਰੀਆਂ ਦਾ ਠੇਕਾ ਨਹੀਂ ਵਧਾਇਆ ਜਾਵੇਗਾ। ਉਨਾਂ ਨੇ ਕਿਹਾ ਕਿ ਨਿਯਮਿਤ ਕਰਮਚਾਰੀਆਂ ਨੂੰ ਵੀ ਇਸ ਦੌਰਾਨ ਕੋਈ ਕੰਮ ਨਹੀਂ ਸੌਂਪਿਆ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਤਿਰੂਪਤੀ ਬਾਲਾਜੀ ਮੰਦਰ 20 ਮਾਰਚ ਤੋਂ ਬੰਦ ਹੈ। ਮੌਜੂਦਾ ਵਿੱਤੀ ਸਾਲ ਲਈ ਇਸ ਮੰਦਰ ਦਾ ਬਜਟ 3,309 ਕਰੋੜ ਰੁਪਏ ਹੈ।


author

DIsha

Content Editor

Related News