ਇਜ਼ਰਾਈਲ ''ਚ ਮਧੂਮੱਖੀਆਂ ਕਾਰਨ ਲੱਗ ਗਿਆ ਲਾਕਡਾਊਨ! ਪ੍ਰਸ਼ਾਸਨ ਨੇ ਜਾਰੀ ਕੀਤਾ ਹਾਈ ਅਲਰਟ
Friday, Apr 17, 2026 - 09:32 AM (IST)
ਇੰਟਰਨੈਸ਼ਨਲ ਡੈਸਕ - ਇਜ਼ਰਾਈਲ ਦੇ ਕਈ ਸ਼ਹਿਰੀ ਇਲਾਕਿਆਂ 'ਚ ਮਧੂਮੱਖੀਆਂ ਦੇ ਵਿਸ਼ਾਲ ਝੁੰਡਾਂ ਦੇ ਅਚਾਨਕ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਪ੍ਰਸ਼ਾਸਨ ਨੂੰ ਜਨਤਕ ਸੁਰੱਖਿਆ ਲਈ ਐਮਰਜੈਂਸੀ ਐਡਵਾਈਜ਼ਰੀ ਜਾਰੀ ਕਰਨੀ ਪਈ ਹੈ। ਤੇਲ ਅਵੀਵ ਅਤੇ ਨੇੜਲੇ ਇਲਾਕਿਆਂ 'ਚ ਮਧੂਮੱਖੀਆਂ ਦੇ ਝੁੰਡਾਂ ਕਾਰਨ ਕਈ ਦੁਕਾਨਾਂ, ਕੈਫੇ ਅਤੇ ਵਪਾਰਕ ਅਦਾਰੇ ਬੰਦ ਕਰ ਦਿੱਤੇ ਗਏ ਹਨ।
ਅਧਿਕਾਰੀਆਂ ਨੇ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਤੁਰੰਤ ਆਪਣੇ ਘਰਾਂ ਅਤੇ ਦੁਕਾਨਾਂ ਦੇ ਦਰਵਾਜ਼ੇ ਤੇ ਖਿੜਕੀਆਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਹਜ਼ਾਰਾਂ ਮਧੂਮੱਖੀਆਂ ਇਮਾਰਤਾਂ, ਪਾਰਕ ਕੀਤੀਆਂ ਗੱਡੀਆਂ ਅਤੇ ਦੁਕਾਨਾਂ ਦੇ ਬਾਹਰ ਡੇਰਾ ਲਾਈ ਬੈਠੀਆਂ ਹਨ। ਦੱਖਣੀ ਸ਼ਹਿਰ ਨੇਤੀਵੋਟ ਦੇ ਇਕ ਸ਼ਾਪਿੰਗ ਕੰਪਲੈਕਸ 'ਚ ਵੀ ਮਧੂਮੱਖੀਆਂ ਦਾ ਵੱਡਾ ਝੁੰਡ ਦੇਖਿਆ ਗਿਆ, ਜਿਸ ਕਾਰਨ ਲੋਕਾਂ 'ਚ ਭਾਰੀ ਡਰ ਪਾਇਆ ਜਾ ਰਿਹਾ ਹੈ।
ਐਮਰਜੈਂਸੀ ਸੇਵਾਵਾਂ ਅਤੇ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਉਹ ਮਧੂਮੱਖੀਆਂ ਨੂੰ ਖੁਦ ਹਟਾਉਣ ਜਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਨਾ ਕਰਨ। ਪ੍ਰਸ਼ਾਸਨ ਵੱਲੋਂ ਮਾਹਰ ਮਧੂਮੱਖੀ ਪਾਲਕਾਂ ਅਤੇ ਵਾਤਾਵਰਣ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਮਧੂਮੱਖੀਆਂ ਨੂੰ ਮਾਰੇ ਬਿਨਾਂ ਸੁਰੱਖਿਅਤ ਥਾਂ 'ਤੇ ਲਿਜਾਇਆ ਜਾ ਸਕੇ।
ਮਧੂਮੱਖੀਆਂ ਦੇ ਇਸ ਹਮਲੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਹੁਣ ਤੱਕ 1.5 ਕਰੋੜ (15 ਮਿਲੀਅਨ) ਤੋਂ ਵੱਧ ਲੋਕ ਦੇਖ ਚੁੱਕੇ ਹਨ। ਇੰਟਰਨੈੱਟ 'ਤੇ ਲੋਕ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਯੂਜ਼ਰਸ ਇਸ ਨੂੰ ਕੁਦਰਤ ਦਾ ਇਨਸਾਨਾਂ ਵਿਰੁੱਧ ਬਦਲਾ ਕਹਿ ਰਹੇ ਹਨ, ਜਦਕਿ ਕੁਝ ਇਸ ਨੂੰ ਅਸ਼ੁਭ ਸੰਕੇਤ ਵਜੋਂ ਦੇਖ ਰਹੇ ਹਨ।
ਫਿਲਹਾਲ ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
