ਭਾਰਤ ’ਚ ਲਾਕਡਾਊਨ ਕਾਰਣ ਰੋਜ਼ਾਨਾ 40000 ਕਰੋੜ ਦਾ ਨੁਕਸਾਨ
Wednesday, Apr 15, 2020 - 01:38 AM (IST)
ਨਵੀਂ ਦਿੱਲੀ– ਭਾਰਤੀ ਉਦਯੋਗ ਜਗਤ ਨੇ ਕਿਹਾ ਕਿ ਮਨੁੱਖੀ ਜੀਵਨ ’ਤੇ ਵਧਦੇ ਸੰਕਟ ਨੂੰ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਵਧਾਉਣਾ ਜ਼ਰੂਰੀ ਸੀ ਪਰ ਇਸ ਦੇ ਨਾਲ ਹੀ ਉਦਯੋਗਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਅਰਥ ਵਿਵਸਥਾ ਦੇ ਸਾਹਮਣੇ ਪੈਦਾ ਹੋਏ ਮੁਸ਼ਕਲ ਹਾਲਾਤ ਤੋਂ ਉਭਰਨ ਲਈ ਰਾਹਤ ਪੈਕੇਜ ਦੀ ਲੋੜ ’ਤੇ ਜ਼ੋਰ ਦਿੱਤਾ ਹੈ।
ਫਿੱਕੀ ਦੀ ਪ੍ਰਧਾਨ ਸੰਗੀਤਾ ਰੈੱਡੀ ਨੇ ਕਿਹਾ ਕਿ ਅਨੁਮਾਨ ਹੈ ਕਿ ਭਾਰਤ ਨੂੰ ਰਾਸ਼ਟਰ ਵਿਆਪੀ ਲਾਕਡਾਊਨ ਕਾਰਣ ਰੋਜ਼ਾਨਾ ਲਗਭਗ 40000 ਕਰੋੜ ਦਾ ਨੁਕਸਾਨ ਹੋ ਰਿਹਾ ਹੈ ਅਤੇ ਪਿਛਲੇ 21 ਦਿਨਾਂ ਦੌਰਾਨ 7-8 ਲੱਖ ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ 2020 ਦੌਰਾਨ ਲਗਭਗ 4 ਕਰੋੜ ਨੌਕਰੀਆਂ ’ਤੇ ਸੰਕਟ ਰਹੇਗਾ, ਇਸ ਲਈ ਤੁਰੰਤ ਰਾਹਤ ਪੈਕੇਜ ਵੀ ਅਹਿਮ ਹੈ। ਸੀ. ਆਈ. ਆਈ. ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ ਕਿ ਲਾਕਡਾਊਨ ਜਾਰੀ ਰੱਖਣ ਦਾ ਪ੍ਰਧਾਨ ਮੰਤਰੀ ਦਾ ਫੈਸਲਾ ਇਕ ਵੱਡੇ ਮਨੁੱਖੀ ਸੰਕਟ ਨੂੰ ਰੋਕਣ ਲਈ ਜ਼ਰੂਰੀ ਹੈ।