ਪੱਛਮੀ ਬੰਗਾਲ 'ਚ 31 ਮਈ ਤੱਕ ਵਧਾਇਆ ਗਿਆ ਲਾਕਡਾਊਨ

Monday, May 18, 2020 - 06:08 PM (IST)

ਪੱਛਮੀ ਬੰਗਾਲ 'ਚ 31 ਮਈ ਤੱਕ ਵਧਾਇਆ ਗਿਆ ਲਾਕਡਾਊਨ

ਕੋਲਕਾਤਾ-ਖਤਰਨਾਕ ਕੋਰੋਨਾਵਾਇਰਸ ਦੇ ਨਾਲ ਨਜਿੱਠਣ ਲਈ ਦੇਸ਼ ਭਰ ਲਾਕਡਾਊਨ 4 ਦਾ ਅੱਜ ਪਹਿਲਾ ਦਿਨ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਲਾਕਡਾਊਨ ਦੀ ਮਿਆਦ 31 ਮਈ ਤੱਕ ਵਧਾਈ ਜਾਂਦੀ ਹੈ ਪਰ ਇਸ ਦੌਰਾਨ ਕੁਝ ਰਾਹਤ ਵੀ ਦਿੱਤੀ ਹੈ। ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ 21 ਮਈ ਤੋਂ ਬਾਅਦ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਹੋਰ ਸਾਰੀਆਂ ਥਾਵਾਂ 'ਤੇ ਵੱਡੇ ਸਟੋਰਾਂ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕੱਲ ਭਾਵ ਐਤਵਾਰ ਨੂੰ ਲਾਕਡਾਊਨ 4 ਦਾ ਐਲਾਨ ਕਰਨ ਦੇ ਨਾਲ ਹੀ ਸੂਬਾ ਸਰਕਾਰਾਂ ਨੂੰ ਆਪਣੇ ਪੱਧਰ 'ਤੇ ਲਾਕਡਾਊਨ 'ਤੇ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਸੀ।

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ 27 ਮਈ ਤੋਂ ਆਟੋਰਿਕਸ਼ਾ ਦੀ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਇਕ ਆਟੋਰਿਕਸ਼ੇ 'ਚ 2 ਲੋਕਾਂ ਨੂੰ ਬੈਠਣ ਦੀ ਆਗਿਆ ਹੋਵੇਗੀ। ਲਾਕਡਾਊਨ 'ਚ ਪੜਾਅਵਾਰ ਤਰੀਕੇ ਨਾਲ ਬੰਦ ਪਈਆਂ ਚੀਜ਼ਾਂ ਨੂੰ ਸੂਬਾ ਸਰਾਕਾਰਾਂ ਹੁਣ ਖੋਲਣ ਲੱਗੀਆਂ ਹਨ। ਇਸ ਸਬੰਧ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸੂਬੇ 'ਚ ਅੰਤਰ ਜ਼ਿਲਾ ਬਸ ਸੇਵਾਵਾਂ 21 ਮਈ ਤੋਂ ਫਿਰ ਸ਼ੁਰੂ ਹੋ ਜਾਣਗੀਆਂ।

ਸੈਲੂਨ ਅਤੇ ਪਾਰਲਰ ਦੇ ਖੋਲਣ ਸਬੰਧੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸੈਲੂਨ ਅਤੇ ਪਾਰਲਰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕੀਤੇ ਜਾਣ ਤੋਂ ਬਾਅਦ ਹੀ ਖੋਲੇ ਜਾਣੇ ਚਾਹੀਦੇ ਹਨ। ਬੰਗਾਲ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ ਦੇ ਬਾਵਜੂਦ ਸੂਬੇ 'ਚ ਨਾਈਟ ਕਰਫਿਊ ਨਹੀਂ ਲਗਾਇਆ ਜਾਵੇਗਾ। ਨਾਈਟ ਕਰਫਿਊ ਤਹਿਤ ਲੋਕਾਂ ਦੇ ਸ਼ਾਮ 7 ਵਜੇ ਤੋਂ ਬਾਅਦ ਸਵੇਰ 7 ਵਜੇ ਤੱਕ ਨਿਕਲਣ 'ਤੇ ਰੋਕ ਹੈ।

ਇਸ ਤੋਂ ਇਲਾਵਾ ਦੂਜੇ ਸੂਬਿਆਂ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਦੇ ਮੁੱਦੇ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ਮੈਂ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਕੁਝ ਸਮੇਂ ਲਈ ਸਬਰ ਰੱਖਣ ਦੀ ਅਪੀਲ ਕਰਦੀ ਹਾਂ। ਅਸੀਂ ਹਰ ਸੰਭਵ ਪ੍ਰਬੰਧ ਕਰ ਰਹੇ ਹਾਂ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਹੈ ਕਿ ਅਸੀਂ 105 ਟ੍ਰੇਨਾਂ ਬੁੱਕ ਕਰ ਰੱਖੀਆਂ ਹਨ ਜਿਸ 'ਚ 15 ਟ੍ਰੇਨਾਂ ਪਹਿਲਾਂ ਹੀ ਸੂਬੇ 'ਚ ਪਹੁੰਚ ਚੁੱਕੀਆਂ ਹਨ। ਅਸੀਂ ਜਲਦੀ ਹੀ 120 ਟ੍ਰੇਨਾਂ ਨੂੰ ਚਲਾਉਣ ਦੀ ਪ੍ਰਬੰਧ ਕਰਾਂਗੇ।


author

Iqbalkaur

Content Editor

Related News