'ਲਾਕਡਾਊਨ ਨਾਲ ਪੂਰੇ ਦੇਸ਼ 'ਚ ਹਵਾ ਦੀ ਗੁਣਵੱਤਾ 'ਚ ਹੋਇਆ ਕਾਫੀ ਸੁਧਾਰ'
Friday, Apr 03, 2020 - 03:16 AM (IST)
ਨਵੀਂ ਦਿੱਲੀ— ਕੋਰੋਨਾ ਨਾਲ ਲੜਨ ਲਈ ਦੇਸ਼ ਭਰ 'ਚ ਲੱਗੇ ਜਨਤਾ ਕਰਫਿਊ ਅਤੇ ਉਸ ਤੋਂ ਬਾਅਦ 21 ਦਿਨਾਂ ਦੇ ਬੰਦ ਨਾਲ ਪ੍ਰਦੂਸ਼ਣ 'ਚ ਕਾਫੀ ਕਮੀ ਆਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੀ ਰਿਪੋਰਟ ਮੁਤਾਬਕ 29 ਮਾਰਚ ਨੂੰ 91 ਸ਼ਹਿਰਾਂ 'ਚ ਹਵਾ ਦੀ ਗੁਣਵੱਤਾ 'ਚੰਗੀ' ਅਤੇ 'ਸੰਤੁਸ਼ਟੀ ਭਰਪੂਰ' ਸ਼੍ਰੇਣੀ 'ਚ ਰਹੀ। ਇਸ ਨੇ ਦੱਸਿਆ ਕਿ ਯਾਤਰਾ ਰੋਕ ਅਤੇ ਉਦਯੋਗਾਂ ਦੇ ਬੰਦ ਹੋਣ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਕਮੀ ਆਈ ਹੈ। ਸੀ. ਪੀ. ਸੀ. ਬੀ. ਨੇ ਕਿਹਾ ਕਿ ਹਵਾ ਪ੍ਰਦੂਸ਼ਣ 'ਚ ਯੋਗਦਾਨ ਕਰਨ ਵਾਲੇ ਵੱਡੇ ਸੈਕਟਰ ਹਨ ਜਿਵੇਂ ਟ੍ਰਾਂਸਪੋਰਟ, ਉਦਯੋਗ, ਬਿਜਲੀ ਯੰਤਰ, ਨਿਰਮਾਣ ਗਤੀਵਿਧੀਆਂ ਆਦਿ। ਇਸ ਤੋਂ ਇਲਾਵਾ ਡੀ. ਜੇ. ਸੈੱਟ ਚਲਾਉਣਾ, ਰੈਸਟੋਰੈਂਟ, ਕਚਰੇ ਦੇ ਢੇਰ 'ਚ ਲੱਗੀ ਅੱਗ ਵੀ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੁੰਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਖਤ ਯਾਤਰਾ ਰੋਕ ਅਤੇ ਗੈਰ ਜ਼ਰੂਰੀ ਗਤੀਵਿਧੀਆਂ ਨੂੰ ਬੰਦ ਕਰਨ ਨਾਲ ਦੇਸ਼ ਭਰ ਦੇ ਕਈ ਸ਼ਹਿਰਾਂ ਅਤੇ ਮਹਾਨਗਰਾਂ 'ਚ ਹਵਾ ਦੀ ਗੁਣਵੱਤਾ 'ਚ ਸੁਧਾਰ ਆਇਆ ਹੈ। ਰਿਪੋਰਟ ਮੁਤਾਬਕ 21 ਮਾਰਚ ਨੂੰ (ਜਨਤਾ ਕਰਫਿਊ ਤੋਂ ਇਕ ਦਿਨ ਪਹਿਲਾਂ) 54 ਸ਼ਹਿਰਾਂ 'ਚ ਹਵਾ ਗੁਣਵੱਤਾ 'ਚੰਗੀ' ਅਤੇ 'ਸੰਤੁਸ਼ਟੀ ਭਰਪੂਰ' ਦਰਜ ਕੀਤੀ ਗਈ ਸੀ ਜਦੋਂਕਿ 29 ਮਾਰਚ ਨੂੰ 91 ਸ਼ਹਿਰਾਂ 'ਚ ਘੱਟੋ-ਘੱਟ ਪ੍ਰਦੂਸ਼ਣ ਮਾਪਿਆ ਗਿਆ। ਸੀ. ਪੀ. ਸੀ. ਬੀ. ਨੇ ਜਨਤਾ ਕਰਫਿਊ ਅਤੇ ਲਾਕਡਾਊਨ ਦਾ ਹਵਾ ਪ੍ਰਦੂਸ਼ਣ 'ਤੇ ਅਸਰ ਨੂੰ ਲੈ ਕੇ ਰਿਪੋਰਟ ਜਾਰੀ ਕੀਤੀ ਹੈ।