ਮਜ਼ਦੂਰਾਂ ਲਈ ਮਸੀਹਾ ਬਣਿਆ ਦਿੱਲੀ ਦਾ ਕਿਸਾਨ, ਜਹਾਜ਼ ਰਾਹੀਂ ਭੇਜਿਆ ਘਰ

05/28/2020 1:48:55 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਕਡਾਊਨ ਲਾਗੂ ਕਰਨਾ ਪਿਆ, ਜਿਸ ਕਾਰਨ ਕੰਮ-ਧੰਦੇ ਬੰਦ ਹੋ ਗਏ। ਲਾਕਡਾਊਨ ਕਰ ਕੇ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਪ੍ਰਵਾਸੀ ਮਜ਼ਦੂਰਾਂ ਨੂੰ ਝੱਲਣੀ ਪੈ ਰਹੀ ਹੈ, ਜੋ ਕਿ ਭੁੱਖ-ਪਿਆਸੇ ਪੈਦਲ ਹੀ ਕਈ ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। ਦੇਸ਼ ਭਰ ਤੋਂ ਮਜ਼ਦੂਰਾਂ ਦੀ ਅਜਿਹੀ ਮਾੜੀ ਹਾਲਤ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜੋ ਇਨ੍ਹਾਂ ਮਜ਼ਦੂਰਾਂ ਲਈ ਮਸੀਹਾ ਬਣਾ ਕੇ ਸਾਹਮਣੇ ਆ ਰਹੇ ਹਨ। ਇਨ੍ਹਾਂ 'ਚੋਂ ਇਕ ਹੈ ਦਿੱਲੀ ਦੇ ਪੱਪਨ ਸਿੰਘ। ਪੱੱਪਨ ਸਿੰਘ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਆਪਣੇ ਵਰਕਰਾਂ ਨੂੰ ਫਲਾਈਟ ਜ਼ਰੀਏ ਘਰ ਵਾਪਸ ਭੇਜਿਆ ਹੈ।

ਕਿਸਾਨ ਪੱਪਨ ਸਿੰਘ ਗਹਿਲੋਤ, ਬਾਹਰੀ ਦਿੱਲੀ ਸਥਿਤ ਬਖਤਾਵਰਪੁਰ ਇਲਾਕੇ ਦੇ ਤਿਗੀਪੁਰ ਪਿੰਡ ਵਿਚ ਰਹਿੰਦੇ ਹਨ। ਪੱਪਨ ਸਿੰਘ ਪਿਛਲੇ 27 ਸਾਲਾਂ ਤੋਂ ਆਪਣੇ ਪਿੰਡ 'ਚ ਹੀ ਮਸ਼ਰੂਮ ਦੀ ਖੇਤੀ ਕਰਦੇ ਹਨ। ਅਜਿਹੇ ਵਿਚ ਇਨ੍ਹਾਂ ਦੇ ਖੇਤਾਂ ਵਿਚ ਕੰਮ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਬਿਹਾਰ ਦੇ ਕੁਝ ਮਜ਼ਦੂਰ ਵੀ ਆਉਂਦੇ ਹਨ ਅਤੇ ਜਦੋਂ ਇਨ੍ਹਾਂ ਦਾ ਕੰਮ ਖਤਮ ਹੋ ਜਾਂਦਾ ਹੈ, ਤਾਂ ਵਾਪਸ ਚੱਲੇ ਜਾਂਦੇ ਹਨ। ਅਜਿਹੇ ਵਿਚ ਪੱਪਨ ਦਾ ਕੁਝ ਮਜ਼ਦੂਰਾਂ ਨਾਲ ਮੋਹ-ਪਿਆਰ ਵਾਲਾ ਰਿਸ਼ਤਾ ਵੀ ਬਣ ਗਿਆ ਹੈ। 

ਪੱਪਨ ਨੂੰ ਮਜ਼ਦੂਰਾਂ ਦੇ ਦਰਦ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ 10 ਮਜ਼ਦੂਰਾਂ ਨੂੰ ਬਿਹਾਰ ਭੇਜਣ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ, ਉਹ ਵੀ ਹਵਾਈ ਜਹਾਜ਼ ਰਾਹੀਂ। ਪੱਪਨ ਨੇ ਕਿਹਾ ਕਿ ਗੱਲ ਪੈਸਿਆਂ ਦੀ ਨਹੀਂ ਹੈ। ਜਦੋਂ ਉਹ ਆਪਣੇ ਘਰ-ਪਰਿਵਾਰ ਵਿਚ ਪਹੁੰਚਣਗੇ ਤਾਂ ਉਹ ਖੁਸ਼ੀ ਵੀ ਮੈਂ ਮਹਿਸੂਸ ਕਰਾਂਗਾ। ਪੈਸੇ ਤਾਂ ਕਮਾ ਹੀ ਲੈਣੇ ਹਨ ਪਰ ਜਦ ਮੈਨੂੰ ਮੌਕਾ ਮਿਲਿਆ ਹੈ ਤਾਂ ਇਨਸਾਨੀਅਤ ਦਾ ਫਰਜ਼ ਨਿਭਾ ਲਿਆ ਹੈ।


Tanu

Content Editor

Related News