ਆਖਰਕਾਰ 21 ਦਿਨਾਂ ਦਾ ਹੀ ਲਾਕ ਡਾਊਨ ਕਿਉਂ? ਜਾਣੋ ਕੀ ਹੈ ਇਸ ਦੇ ਪਿੱਛੇ ਤਰਕ

03/25/2020 7:01:00 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਭਾਵ ਮੰਗਲਵਾਰ ਨੂੰ ਦੇਸ਼ ਨੂੰ 21 ਦਿਨਾਂ ਲਈ ਲਾਕ ਡਾਊਨ ਕਰ ਦਿੱਤਾ ਹੈ। ਮੋਦੀ ਵਲੋਂ ਇਹ ਫੈਸਲਾ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਦੇਖਦਿਆਂ ਲਿਆ ਗਿਆ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਘਰਾਂ 'ਚ ਬੰਦ ਰਹਿਣ ਦੀ ਅਪੀਲ ਕੀਤੀ ਹੈ। 21 ਦਿਨ ਯਾਨੀ ਕਿ 14 ਅਪ੍ਰੈਲ ਤਕ ਲੋਕ ਘਰਾਂ ਅੰਦਰ ਬੰਦ ਰਹਿਣਗੇ। ਲਾਕ ਡਾਊਨ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਹਨ। ਸਭ ਤੋਂ ਵੱਡਾ ਸਵਾਲ ਹੈ ਕਿ ਆਖਰਕਾਰ 21 ਦਿਨਾਂ ਦਾ ਹੀ ਲਾਕ ਡਾਊਨ ਕਿਉਂ? ਇਸ ਦੇ ਪਿੱਛੇ ਤਰਕ ਕੀ ਹੈ? ਤਾਂ ਫਿਰ ਆਓ ਤੁਹਾਨੂੰ ਦੱਸਦੇ ਹਾਂ ਕਿ ਆਖਰਕਾਰ ਪੂਰੇ ਦੇਸ਼ ਨੂੰ 21 ਦਿਨਾਂ ਲਈ ਲਾਕ ਡਾਊਨ ਕਿਉਂ ਕੀਤਾ ਗਿਆ।

ਇਸ ਲਾਕ ਡਾਊਨ ਦੇ ਪਿੱਛੇ ਦੇ ਤਰਕ ਬਾਰੇ ਮਾਹਰ ਦੱਸਦੇ ਹਨ ਕਿ ਕੋਰੋਨਾ ਵਾਇਰਸ 14 ਦਿਨਾਂ ਤਕ ਸਰਗਰਮ ਰਹਿੰਦਾ ਹੈ। ਕਿਸੇ ਵੀ ਇਨਫੈਕਟਿਡ ਵਿਅਕਤੀ 'ਚ 7 ਦਿਨਾਂ ਦੇ ਅੰਦਰ ਕੋਰੋਨਾ ਪਾਜ਼ੀਟਿਵ ਹੋਣ ਦੇ ਲੱਛਣ ਦਿੱਸਣ ਲੱਗਦੇ ਹਨ। ਇਨ੍ਹਾਂ 14 ਦਿਨਾਂ ਨੂੰ ਜੇਕਰ ਅਸੀਂ 21 ਦਿਨਾਂ ਦੇ ਲਾਕ ਡਾਊਨ 'ਚ ਦੇਖੀਏ ਤਾਂ 7 ਅਪ੍ਰੈਲ ਤਕ ਕੋਰੋਨਾ ਦੇ ਸਾਰੇ ਪਾਜ਼ੀਟਿਵ ਕੇਸ ਸਾਹਮਣੇ ਆ ਜਾਣਗੇ। ਇਸ ਤੋਂ ਇਹ ਪਤਾ ਲਾਇਆ ਜਾ ਸਕੇਗਾ ਕਿ ਕੌਣ ਕੋਰੋਨਾ ਵਾਇਰਸ ਨਾਲ ਪੀੜਤ ਹੈ ਅਤੇ ਕੌਣ ਨਹੀਂ। ਲਾਕ ਡਾਊਨ ਕਾਰਨ ਹਰ ਕੋਈ ਘਰ 'ਚ ਰਹਿ ਰਿਹਾ ਹੈ, ਇਸ ਲਈ ਅਗਲੇ 7 ਦਿਨਾਂ ਤਕ ਕੋਰੋਨਾ ਤੋਂ ਪੀੜਤ ਵਿਅਕਤੀ ਦੇ ਘਰ ਵਾਲਿਆਂ 'ਚ ਵੀ ਜੇਕਰ ਕੋਈ ਕੋਰੋਨਾ ਨਾਲ ਪੀੜਤ ਹੁੰਦਾ ਹੈ ਤਾਂ ਇਸ ਦੇ ਲੱਛਣ ਦਿੱਸਣ ਲੱਗ ਜਾਣਗੇ। ਲਾਕ ਡਾਊਨ ਕਰਨ ਨਾਲ ਵਾਇਰਸ ਨੂੰ ਕਮਿਊਨਿਟੀ ਸਪ੍ਰੈਡ ਯਾਨੀ ਕਿ ਵਾਇਰਸ ਨੂੰ ਤੀਜੀ ਸਟੇਜ 'ਤੇ ਜਾਣ ਤੋਂ ਰੋਕਿਆ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਮੰਗਲਵਾਰ ਸ਼ਾਮ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਦੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰਦੇ ਹੋਏ 21 ਦਿਨਾਂ ਦੇ ਲਾਕ ਡਾਊਨ ਦਾ ਐਲਾਨ ਕੀਤਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਹੁਣ ਤਕ 185 ਦੇਸ਼ਾਂ 'ਚ ਫੈਲ ਚੁੱਕਾ ਹੈ। ਇਸ ਵਾਇਰਸ ਨਾਲ ਦੁਨੀਆ ਭਰ 'ਚ 19 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ, ਜਦਕਿ 4 ਲੱਖ ਤੋਂ ਵਧੇਰੇ ਲੋਕ ਇਸ ਤੋਂ ਪੀੜਤ ਹਨ। ਦੇਸ਼ 'ਚ ਹੁਣ ਤਕ ਪੀੜਤਾਂ ਦੀ ਗਿਣਤੀ 519 ਹੋ ਗਈ ਹੈ। ਦੇਸ਼ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਚੁੱਕੀ ਹੈ।


Tanu

Content Editor

Related News