ਕੰਟੋਰਲ ਰੇਖਾ 'ਤੇ ਸਥਿਤੀ ਨੂੰ ਲੈ ਕੇ ਭਾਰਤੀ ਫ਼ੌਜ ਦਾ ਵੱਡਾ ਬਿਆਨ

Monday, May 12, 2025 - 10:12 AM (IST)

ਕੰਟੋਰਲ ਰੇਖਾ 'ਤੇ ਸਥਿਤੀ ਨੂੰ ਲੈ ਕੇ ਭਾਰਤੀ ਫ਼ੌਜ ਦਾ ਵੱਡਾ ਬਿਆਨ

ਨਵੀਂ ਦਿੱਲੀ- 10 ਮਈ ਨੂੰ ਜੰਗਬੰਦੀ ਦਾ ਐਲਾਨ ਹੋਣ ਤੋਂ ਬਾਅਦ, ਹੁਣ ਸਥਿਤੀ ਆਮ ਵਾਂਗ ਜਾਪਦੀ ਹੈ। ਬੀਤੀ ਰਾਤ ਜੰਮੂ-ਕਸ਼ਮੀਰ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਸ਼ਾਂਤੀਪੂਰਨ ਰਹੀ। ਕਈ ਦਿਨਾਂ ਤੱਕ ਡਰੋਨ ਤੇ ਮਿਜ਼ਾਈਲ ਹਮਲਿਆਂ ਮਗਰੋਂ ਜੰਮੂ-ਕਸ਼ਮੀਰ ਵਿਚ ਐਤਵਾਰ ਰਾਤ ਸ਼ਾਂਤੀ ਰਹੀ ਅਤੇ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ 'ਤੇ ਭਾਰਤੀ ਅਤੇ ਪਾਕਿਸਤਾਨੀ ਫ਼ੌਜੀਆਂ ਵਿਚਾਲੇ ਕੋਈ ਸੰਘਰਸ਼ ਨਹੀਂ ਵੇਖਿਆ ਗਿਆ। ਭਾਰਤੀ ਫ਼ੌਜ ਨੇ ਸੋਮਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਫ਼ੌਜ ਨੇ ਸੰਖੇਪ ਬਿਆਨ ਵਿਚ ਕਿਹਾ ਕਿ ਜੰਮੂ-ਕਸ਼ਮੀਰ ਅਤੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਹੋਰ ਇਲਾਕਿਆਂ ਵਿਚ ਰਾਤ ਕਾਫੀ ਹੱਦ ਤੱਕ ਸ਼ਾਂਤੀ ਰਹੀ। ਇਸ ਵਿਚ ਕਿਹਾ ਗਿਆ ਹੈ ਕਿ ਕਿਸੇ ਅਣਹੋਣੀ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਇਹ ਹਾਲ ਦੇ ਦਿਨਾਂ ਵਿਚ ਪਹਿਲੀ ਸ਼ਾਂਤੀਪੂਰਨ ਰਾਤ ਰਹੀ।

ਦੱਸ ਦੇਈਏ ਕਿ ਭਾਰਤ ਨੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ 6 ਮਈ ਦੀ ਰਾਤ ਨੂੰ 'ਆਪ੍ਰੇਸ਼ਨ ਸਿੰਦੂਰ' ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚ 9 ਅੱਤਵਾਦੀਆਂ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਦੇ ਸਾਰੇ ਹਮਲਿਆਂ ਦਾ ਜਵਾਬ 'ਆਪ੍ਰੇਸ਼ਨ ਸਿੰਦੂਰ' ਤਹਿਤ ਦਿੱਤਾ ਗਿਆ। ਭਾਰਤ ਅਤੇ ਪਾਕਿਸਤਾਨ ਨੇ ਸ਼ਨੀਵਾਰ ਨੂੰ ਜ਼ਮੀਨ, ਹਵਾਈ ਅਤੇ ਸਮੁੰਦਰ ਵਿਚ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਹੋਰ ਕਾਰਵਾਈਆਂ ਨੂੰ ਰੋਕਣ  ਲਈ ਸਹਿਮਤੀ ਬਣਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਪਾਕਿਸਤਾਨੀ ਫ਼ੌਜ ਨੇ ਕੁਝ ਦੇਰ ਇਸ ਸਹਿਮਤੀ ਦਾ ਉਲੰਘਣ ਕੀਤਾ ਸੀ।

ਅੱਜ ਦੋਵਾਂ ਦੇਸ਼ਾਂ ਵਿਚਕਾਰ ਹੋਵੇਗੀ ਗੱਲਬਾਤ 
10 ਮਈ ਨੂੰ ਪਾਕਿਸਤਾਨ ਦੇ ਡੀ. ਜੀ. ਐਮ. ਓ ਨੇ ਭਾਰਤ ਦੇ ਡੀ. ਜੀ. ਐਮ. ਓ ਨੂੰ ਫ਼ੋਨ ਕੀਤਾ ਅਤੇ ਸ਼ਾਂਤੀ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਹੀ ਜੰਗਬੰਦੀ ਅੱਗੇ ਵਧੀ ਅਤੇ ਬਾਅਦ ਵਿਚ ਅਮਰੀਕਾ ਨੇ ਇਸ ਦਾ ਐਲਾਨ ਕੀਤਾ। ਇਹ ਫੈਸਲਾ ਲਿਆ ਗਿਆ ਕਿ ਦੋਵੇਂ ਦੇਸ਼ 12 ਤਾਰੀਖ਼ ਨੂੰ ਇਸ ਮਾਮਲੇ 'ਤੇ ਚਰਚਾ ਕਰਨਗੇ। ਅੱਜ ਭਾਰਤ ਅਤੇ ਪਾਕਿਸਤਾਨ ਦੇ ਡੀ. ਜੀ. ਐਮ. ਓ (ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ) ਵਿਚਕਾਰ ਵੀ ਗੱਲਬਾਤ ਹੋਣੀ ਹੈ। ਦੁਨੀਆ ਦੀਆਂ ਨਜ਼ਰਾਂ ਇਸ ਗੱਲਬਾਤ 'ਤੇ ਟਿਕੀਆਂ ਹੋਈਆਂ ਹਨ।


author

Tanu

Content Editor

Related News