ਭਾਰੀ ਬਾਰਿਸ਼ ਮਗਰੋਂ ਡਿੱਗੀ ਅਸਮਾਨੀਂ ਬਿਜਲੀ ! ਹੋਮਗਾਰਡ ਦੀ ਮੌਤ, 6 ਹੋਰ ਮੈਂਬਰ ਜ਼ਖ਼ਮੀ
Monday, Jun 29, 2026 - 05:13 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਘਰ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਮਗਾਰਡ ਦੇ ਇੱਕ ਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਰਿਵਾਰ ਦੇ 6 ਹੋਰ ਮੈਂਬਰ ਗੰਭੀਰ ਰੂਪ ਵਿੱਚ ਝੁਲਸ ਗਏ।
ਇਹ ਘਟਨਾ ਹਲੀਆ ਥਾਣਾ ਖੇਤਰ ਦੇ ਮਗਰਦਾ ਪਿੰਡ ਵਿੱਚ ਐਤਵਾਰ ਦੇਰ ਸ਼ਾਮ ਉਦੋਂ ਵਾਪਰੀ, ਜਦੋਂ ਇਲਾਕੇ ਵਿੱਚ ਤੇਜ਼ ਹਨੇਰੀ ਦੇ ਨਾਲ ਭਾਰੀ ਮੀਂਹ ਪੈ ਰਿਹਾ ਸੀ। ਇਸੇ ਦੌਰਾਨ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ, ਜਿਸ ਦੀ ਲਪੇਟ ਵਿੱਚ ਪੂਰਾ ਪਰਿਵਾਰ ਆ ਗਿਆ। ਇਸ ਹਾਦਸੇ ਵਿੱਚ 57 ਸਾਲਾ ਰਾਮਦੁਲਾਰੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਡ੍ਰਮੰਡਗੰਜ ਥਾਣੇ ਵਿੱਚ ਹੋਮਗਾਰਡ ਦੇ ਜਵਾਨ ਵਜੋਂ ਤਾਇਨਾਤ ਸੀ।
ਬਿਜਲੀ ਦੀ ਚਪੇਟ ਵਿੱਚ ਆਉਣ ਕਾਰਨ ਰਾਮਦੁਲਾਰੇ ਦੀ ਪਤਨੀ, ਧੀ, ਨੂੰਹ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰ ਗੰਭੀਰ ਰੂਪ ਵਿੱਚ ਝੁਲਸ ਗਏ। ਚੀਕ-ਚਿਹਾੜਾ ਸੁਣ ਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਤੁਰੰਤ ਐਂਬੂਲੈਂਸ ਰਾਹੀਂ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਕਪਤਾਨ ਅਪਰਣਾ ਰਜਤ ਕੌਸ਼ਿਕ ਨੇ ਦੱਸਿਆ ਕਿ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਪੂਰੀ ਕਰ ਲਈ ਹੈ। ਹਸਪਤਾਲ ਵਿੱਚ ਜ਼ੇਰੇ-ਇਲਾਜ ਪਰਿਵਾਰ ਦੇ ਸਾਰੇ 6 ਮੈਂਬਰਾਂ ਦੀ ਹਾਲਤ ਫਿਲਹਾਲ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
