ਦੁਨੀਆ ''ਤੇ ਇਕ ਹੋਰ ਪਲੇਗ ਦਾ ਖ਼ਤਰਾ ! ਲੈਬ ਟੈਕਨੀਸ਼ੀਅਨ ਦੀ ਮੌਤ ਮਗਰੋਂ ਸੈਂਕੜੇ ਲੋਕ Quarantine
Monday, Oct 05, 2026 - 12:59 PM (IST)
ਇੰਟਰਨੈਸ਼ਨਲ ਡੈਸਕ- 2019 'ਚ ਚੀਨ ਦੇ ਵੁਹਾਨ 'ਚੋਂ ਫ਼ੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਕਹਿਰ ਮਚਾਇਆ ਸੀ। ਇਸ ਮਹਾਮਾਰੀ ਦੌਰਾਨ ਕਰੋੜਾਂ ਲੋਕਾਂ ਦੀ ਜਾਨ ਗਈ ਸੀ, ਜਦਕਿ ਕਰੋੜਾਂ ਹੀ ਲੋਕਾਂ ਨੂੰ ਘਰਾਂ 'ਚ ਡੱਕੇ ਰਹਿਣ ਲਈ ਮਜਬੂਰ ਹੋਣਾ ਪਿਆ ਸੀ। ਇਸੇ ਦੌਰਾਨ ਰੂਸ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਾਈਬੇਰੀਆ ਖੇਤਰ 'ਚ ਸਥਿਤ ਇੱਕ ਚੋਟੀ ਦੀ ਐਂਟੀ ਪਲੇਗ ਲੈਬਾਰਟਰੀ 'ਚ ਨਿਮੋਨੀਆ ਨਾਲ 28 ਸਾਲਾ ਮਹਿਲਾ ਲੈਬ ਟੈਕਨੀਸ਼ੀਅਨ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਸਿਹਤ ਸਬੰਧੀ ਚਿੰਤਾਵਾਂ ਵਧ ਗਈਆਂ ਹਨ।
ਇਸ ਘਟਨਾ ਤੋਂ ਬਾਅਦ 'ਨਿਮੋਨਿਕ ਪਲੇਗ' ਫੈਲਣ ਦੇ ਖਦਸ਼ੇ ਨੂੰ ਦੇਖਦਿਆਂ ਰੂਸੀ ਪ੍ਰਸ਼ਾਸਨ ਨੇ ਸੈਂਕੜੇ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਹੈ, ਜਦਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੂਰੀ ਸਥਿਤੀ 'ਤੇ ਨਜ਼ਰ ਰੱਖਦਿਆਂ ਮਾਸਕੋ ਤੋਂ ਪਾਰਦਰਸ਼ੀ ਜਾਣਕਾਰੀ ਦੀ ਮੰਗ ਕੀਤੀ ਹੈ।
ਇਹ ਘਟਨਾ ਇਰਕੁਤਸਕ ਸ਼ਹਿਰ ਦੇ ਨੇੜੇ ਸ਼ੇਲੇਖੋਵ ਸਥਿਤ 'ਐਂਟੀ-ਪਲੇਗ ਰਿਸਰਚ ਇੰਸਟੀਚਿਊਟ' ਵਿੱਚ ਵਾਪਰੀ। ਰੂਸ ਦੀ ਵਾਇਰਸ ਨਿਗਰਾਨੀ ਏਜੰਸੀ 'ਰੋਸਪੋਤਰੇਬਨਾਦਜ਼ੋਰ' ਅਨੁਸਾਰ, ਮਹਿਲਾ ਲੈਬ ਟੈਕਨੀਸ਼ੀਅਨ ਨੂੰ ਅਣਪਛਾਤੇ ਕਾਰਨਾਂ ਵਾਲਾ ਨਿਮੋਨੀਆ ਹੋਇਆ ਸੀ। ਗੁਆਂਢੀ ਬੁਰੀਆਤੀਆ ਗਣਰਾਜ ਦੇ ਨੇਤਾ ਅਲੇਕਸੀ ਤਸੀਦੇਨੋਵ ਨੇ ਕਿਹਾ ਕਿ ਮਹਿਲਾ ਦੀ ਮੌਤ 'ਪਲੇਗ' ਨਾਲ ਹੋਈ ਹੋ ਸਕਦੀ ਹੈ, ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਖੇਤਰ 'ਚ ਪਲੇਗ ਦਾ ਫਿਲਹਾਲ ਕੋਈ ਅਸਰ ਨਹੀਂ ਹੈ।
ਇਹ ਵੀ ਪੜ੍ਹੋ- 'ਨਮਾਜ਼ ਪੜ੍ਹਨ ਦੇ ਬਹਾਨੇ ਉੱਠਿਆ ਤੇ..!' 174 ਲੋਕਾਂ ਦੀ ਜਾਨ ਬਚਾਉਣ ਵਾਲੇ ਸਮਿਤ ਮਛਾਰ ਨੇ ਕੀਤੇ ਸਨਸਨੀਖੇਜ਼ ਖੁਲਾਸੇ
ਮੀਡੀਆ ਰਿਪੋਰਟਾਂ ਅਨੁਸਾਰ, ਸ਼ੇਲੇਖੋਵ ਦੇ ਹਸਪਤਾਲ 'ਚ ਲਗਭਗ 200 ਲੋਕਾਂ ਨੂੰ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਇੱਕ ਮੈਟਰਨਿਟੀ ਹਸਪਤਾਲ 'ਚ ਵੀ ਆਈਸੋਲੇਸ਼ਨ ਪ੍ਰੋਟੋਕੋਲ ਲਾਗੂ ਕੀਤੇ ਗਏ ਹਨ, ਜਦਕਿ ਨੇੜਲੇ ਐਲੂਮੀਨੀਅਮ ਪਲਾਂਟ ਦੇ ਕਰਮਚਾਰੀਆਂ ਨੂੰ ਫੇਸ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਰਕੁਤਸਕ ਦੇ ਗਵਰਨਰ ਇਗੋਰ ਕੋਬਜ਼ੇਵ ਅਤੇ ਸਾਬਕਾ ਰੋਸਪੋਤਰੇਬਨਾਦਜ਼ੋਰ ਚੀਫ਼ ਗੇਨਾਡੀ ਓਨਿਸ਼ਚੇਂਕੋ ਨੇ ਜਨਤਾ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਮਾਰੀ ਦੇ ਪਲੇਗ ਹੋਣ ਦੀ ਸੰਭਾਵਨਾ ਘੱਟ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। ਇਸ ਮਾਮਲੇ 'ਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਹ 'ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ' (CDC) ਨਾਲ ਮਿਲ ਕੇ ਇਸ ਘਟਨਾ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਬਾਰੇ ਸਹੀ ਅਤੇ ਪੂਰੀ ਜਾਣਕਾਰੀ ਜਨਤਕ ਕਰੇ। ਉੱਥੇ ਹੀ ਸੀ.ਆਈ.ਏ. (CIA) ਦੇ ਸਾਬਕਾ ਅਧਿਕਾਰੀ ਡੈਨ ਹੋਫਮੈਨ ਅਨੁਸਾਰ, ਅਮਰੀਕੀ ਖ਼ੁਫ਼ੀਆ ਏਜੰਸੀਆਂ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਇਕੱਠੀ ਕਰ ਰਹੀਆਂ ਹਨ ਅਤੇ ਮਾਸਕੋ ਸਥਿਤ ਅਮਰੀਕੀ ਦੂਤਾਵਾਸ ਵੀ ਰੂਸੀ ਅਧਿਕਾਰੀਆਂ ਦੇ ਸੰਪਰਕ 'ਚ ਹੈ।
ਜ਼ਿਕਰਯੋਗ ਹੈ ਕਿ 'ਨਿਮੋਨਿਕ ਪਲੇਗ' Yersinia pestis ਬੈਕਟੀਰੀਆ ਨਾਲ ਹੁੰਦੀ ਹੈ। ਇਹ ਪਲੇਗ ਦੀ ਸਭ ਤੋਂ ਗੰਭੀਰ ਕਿਸਮ ਹੈ ਜੋ ਸਿੱਧਾ ਸਾਹ ਪ੍ਰਣਾਲੀ 'ਤੇ ਹਮਲਾ ਕਰਦੀ ਹੈ। ਇਹ ਬੀਮਾਰੀ ਹਵਾ 'ਚ ਸਾਹ ਲੈਣ ਵਾਲੀ ਹਵਾ 'ਚ ਮੌਜੂਦ ਨਮੀ ਰਾਹੀਂ ਇੱਕ ਤੋਂ ਦੂਜੇ ਮਨੁੱਖ ਤੱਕ ਬਹੁਤ ਤੇਜ਼ੀ ਨਾਲ ਫੈਲ ਸਕਦੀ ਹੈ। ਇਸ ਦੇ ਲੱਛਣਾਂ 'ਚ ਤੇਜ਼ ਬੁਖ਼ਾਰ, ਸਿਰ ਦਰਦ, ਸਾਹ ਲੈਣ ਵਿੱਚ ਤਕਲੀਫ਼, ਛਾਤੀ ਵਿੱਚ ਦਰਦ ਅਤੇ ਖੰਘ ਦੇ ਨਾਲ ਖ਼ੂਨ ਆਉਣਾ ਸ਼ਾਮਲ ਹੈ। ਜੇਕਰ ਸ਼ੁਰੂਆਤੀ ਪੜਾਅ 'ਚ ਹੀ ਪਤਾ ਲੱਗ ਜਾਵੇ, ਤਾਂ ਐਂਟੀਬਾਇਓਟਿਕਸ ਰਾਹੀਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਹੁਣ ਫਰਾਂਸ ਦੀਆਂ ਸੜਕਾਂ 'ਤੇ ਉਤਰੇ GenZ ! ਪ੍ਰਦਰਸ਼ਨਕਾਰੀਆਂ ਨੇ ਕਈ ਥਾਂਂਈਂ ਲਾਈ ਅੱਗ, ਸਕੂਲ ਵੀ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
