ਕੋਵਿਡ-19 ਵਿਰੁੱਧ ਚੌਕਸੀ ਨਾ ਘਟਾਓ, ਟੀਕਾਕਰਨ ਨੂੰ ਤੇਜ਼ ਕਰੋ: ਉੱਪ ਰਾਜਪਾਲ ਬੈਜਲ

02/22/2021 5:28:03 PM

ਨਵੀਂ ਦਿੱਲੀ— ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ ਜ਼ਰੂਰੀ ਚੌਕਸੀ ਵਿਚ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਟੀਕਾਕਰਨ ਨੂੰ ਲੈ ਕੇ ਲੋਕਾਂ ’ਚ ਝਿਝਕ ਨੂੰ ਦੂਰ ਕਰਨ ਲਈ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ। ਉੱਪ ਰਾਜਪਾਲ ਨੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ. ਡੀ. ਐੱਮ. ਏ.) ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਇਹ ਗੱਲ ਆਖੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਦਿੱਲੀ ਸਰਕਾਰ ਦੇ ਹੋਰ ਮੰਤਰੀ ਵੀ ਇਸ ਬੈਠਕ ਵਿਚ ਮੌਜੂਦ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਬੈਜਲ ਨੇ ਕੋਵਿਡ-19 ਤੋਂ ਬਚਣ ਸਬੰਧੀ ਸਾਵਧਾਨੀਆਂ, ਸਲਾਹ ਅਤੇ ਲਾਗ ਫੈਲਾਉਣ ਵਾਲਿਆਂ ਦੀ ਨਿਗਰਾਨੀ ਕਰਨ ਨੂੰ ਕਿਹਾ। ਉਨ੍ਹਾਂ ਨੇ ਦੱਸਿਆ ਕਿ ਉੱਪ ਰਾਜਪਾਲ ਨੇ ਕੋਵਿਡ-19 ਤੋਂ ਬਚਾਅ ਲਈ ਚੱਲ ਰਹੇ ਟੀਕਾਕਰਨ ਮੁਹਿੰਮ ਨੂੰ ਵੀ ਰਫ਼ਤਾਰ ਦੇਣ ਦਾ ਨਿਰਦੇਸ਼ ਦਿੱਤਾ। ਦੱਸਣਯੋਗ ਹੈ ਕਿ ਦਿੱਲੀ ’ਚ ਕੋਰੋਨਾ ਵਾਇਰਸ ਦੇ 6,38,028 ਕੇਸ ਹਨ, ਜਿਨ੍ਹਾਂ ’ਚੋਂ 6,26,086 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਮੌਤਾਂ ਦਾ ਅੰਕੜਾ 10,901 ਤੱਕ ਪਹੁੰਚ ਗਿਆ ਹੈ। 

ਜੇਕਰ ਗੱਲ ਪੂਰੇ ਭਾਰਤ ਦੀ ਕੀਤੀ ਜਾਵੇ ਤਾਂ ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 14,199 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਮਗਰੋਂ ਪਾਜ਼ੇਟਿਵ ਕੇਸਾਂ ਦੀ ਗਿਣਤੀ 1,10,05,850 ਹੋ ਗਈ ਹੈ। 83 ਨਵੀਆਂ ਮੌਤਾਂ ਮਗਰੋਂ ਕੁੱਲ ਮੌਤਾਂ ਦੀ ਗਿਣਤੀ 1,56,385 ਹੋ ਗਈ ਹੈ। ਦੇਸ਼ ਅੰਦਰ ਸਰਗਰਮ ਕੇਸਾਂ ਦੀ ਕੁੱਲ ਗਿਣਤੀ 1,50,055 ਅਤੇ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ 1,06,99,410 ਹੈ।


Tanu

Content Editor

Related News