ਜੰਮੂ ਕਸ਼ਮੀਰ : ਰਾਜੌਰੀ ''ਚ ਲਸ਼ਕਰ ਦੇ ਮਾਡਿਊਲ ਦਾ ਪਰਦਾਫਾਸ਼, ਸਰਗਨਾ ਸਮੇਤ ਤਿੰਨ ਗ੍ਰਿਫ਼ਤਾਰ
Thursday, Feb 02, 2023 - 12:16 PM (IST)
ਰਾਜੌਰੀ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕਰ ਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਭੀੜ ਵਾਲੀਆਂ ਥਾਂਵਾਂ 'ਤੇ ਵਿਸਫ਼ੋਟ ਕਰਨ ਅਤੇ ਸੁਰੱਖਿਆ ਫ਼ੋਰਸਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ।
ਰਾਜੌਰੀ ਦੇ ਪੁਲਸ ਡਿਪਟੀ ਇੰਸਪੈਕਟਰ ਜਨਰਲ ਹਸੀਬ ਮੁਗਲ ਨੇ ਕਿਹਾ ਕਿ ਜ਼ਿਲ੍ਹੇ 'ਚ ਟਾਈਮਰ ਵਾਲੇ ਆਧੁਨਿਕ ਇਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਦੀ ਬਰਾਮਦਗੀ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਅਤੇ ਇਸ ਮਾਡਿਊਲ ਦਾ ਪਰਦਾਫਾਸ਼ ਹੋਇਆ। ਮੁਗਲ ਨੇ ਰਾਜੌਰੀ 'ਚ ਕਿਹਾ,''ਭੀੜ ਵਾਲੀਆਂ ਜਨਤਕ ਥਾਂਵਾਂ 'ਤੇ ਵਿਸਫ਼ੋਟ ਕਰਨ ਅਤੇ ਸੁਰੱਖਿਆ ਫ਼ੋਰਸਾਂ ਦੇ ਵਾਹਨਾਂ ਅਤੇ ਕੰਪਲੈਕਸਾਂ ਨੂੰ ਨਿਸ਼ਾਨਾ ਬਣਾਉਣ ਲਈ ਸਰਹੱਦ ਪਾਰ ਤੋਂ ਆਈ.ਈ.ਡੀ. ਦੀ ਤਸਕਰੀ ਕੀਤੀ ਗਈ ਸੀ। ਲਸ਼ਕਰ ਦੇ ਸਰਗਨਾ ਸਮੇਤ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਨੇ ਅੱਤਵਾਦੀ ਸੰਚਾਲਕਾਂ ਦੀਆਂ ਨਾਪਾਕ ਯੋਜਨਾਵਾਂ ਨੂੰ ਕਾਮਯਾਬ ਹੋਣ ਤੋਂ ਰੋਕ ਦਿੱਤਾ ਹੈ।''