ਕਸ਼ਮੀਰ 'ਚ ਲਸ਼ਕਰ ਦੇ ਮਾਡਿਊਲ ਦਾ ਪਰਦਾਫਾਸ਼, 6 ਅੱਤਵਾਦੀ ਸਹਿਯੋਗੀ ਗ੍ਰਿਫ਼ਤਾਰ
Friday, Mar 18, 2022 - 04:03 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਕਸ਼ਮੀਰ 'ਚ ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਅੱਤਵਾਦੀਆਂ ਦੇ 6 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਮਾਡਿਊਲ ਦਾ ਪਰਦਾਫਾਸ਼ ਕਰ ਕੇ ਅੱਤਵਾਦੀਆਂ ਦੇ 6 ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਅੱਤਵਾਦੀਆਂ ਦੇ ਮਦਦਗਾਰਾਂ ਦੀ ਪਛਾਣ ਰੌਫ ਅਹਿਮਦ ਲੋਨ, ਆਕਿਬ ਮਕਬੂਲ ਭਟ, ਜਾਵੇਦ ਅਹਿਮਦ ਡਾਰ, ਅਰਸ਼ੀਦ ਅਹਿਮਦ ਮੀਰ, ਰਮੀਜ ਰਾਜਾ ਅਤੇ ਸਜਾਦ ਅਹਿਮਦ ਡਾਰ ਦੇ ਰੂਪ 'ਚ ਕੀਤੀ ਹੈ। ਇਹ ਸਾਰੇ ਪੁਲਵਾਮਾ ਦੇ ਵੱਖ-ਵੱਖ ਪਿੰਡਾਂ ਦੇ ਵਾਸੀ ਹਨ।
ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੇ ਮਦਦਗਾਰ ਰਸਦ, ਪਨਾਹ ਦੇਣ, ਅੱਤਵਾਦ ਦਾ ਵਿੱਤ ਪ੍ਰਬੰਧਨ ਕਰਨ ਅਤੇ ਨੌਜਵਾਨਾਂ ਨੂੰ ਹਾਈਬ੍ਰਿਡ ਅੱਤਵਾਦੀਆਂ ਦੇ ਰੂਪ 'ਚ ਕੰਮ ਕਰਨ ਲਈ ਪ੍ਰੇਰਿਤ ਕਰਨ 'ਚ ਸ਼ਾਮਲ ਸਨ। ਪੁਲਸ ਨੇ ਦੱਸਿਆ ਕਿ ਜਾਂਚ ਟੀਮ ਨੂੰ ਇਹ ਵੀ ਪਤਾ ਲੱਗਾ ਹੈ ਕਿ ਉਹ ਅੱਤਵਾਦੀ ਕਮਾਂਡਰ ਰਿਆਜ਼ ਅਹਿਮਦ ਡਾਰ ਉਰਫ਼ ਖਾਲਿਦ ਉਰਫ ਸ਼ੀਰਾਜ਼ ਲਈ ਅੱਤਵਾਦੀ ਸੰਗਠਨ ਲਸ਼ਕਰ ਦੇ ਵਾਸੀ ਸੇਦਰਗੁੰਡ ਕਾਕਾਪੋਰਾ, ਪੁਲਵਾਮਾ ਲਈ ਕੰਮ ਕਰ ਰਹੇ ਸਨ ਅਤੇ ਉਸ ਨਾਲ ਲਗਾਤਾਰ ਸੰਪਰਕ 'ਚ ਸਨ। ਪੁਲਸ ਨੇ ਕਿਹਾ ਕਿ ਕਾਕਾਪੋਰਾ ਪੁਲਸ ਸਟੇਸ਼ਨ 'ਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।