ਇਸਰੋ ਨੂੰ ਇਕ ਦਿਨ ਲਈ ਟਾਲਣੀ ਪਈ ‘ਪ੍ਰੋਬਾ-3’ ਦੀ ਲਾਂਚਿੰਗ
Wednesday, Dec 04, 2024 - 11:47 PM (IST)
ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼), (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ‘ਪ੍ਰੋਬਾ-3’ ਪੁਲਾੜ ਯਾਨ ’ਚ ਪਾਈ ਗਈ ‘ਕਮੀ’ ਕਾਰਨ ਪੀ. ਐੱਸ. ਐੱਲ.ਵੀ.-ਸੀ 59 ਦੀ ਲਾਂਚਿੰਗ ਇਕ ਦਿਨ ਲਈ ਟਾਲਣੀ ਪਈ ਹੈ। ਬੁੱਧਵਾਰ ਨੂੰ ਪ੍ਰਸਤਾਵਿਤ ਲਾਂਚਿੰਗ ਤੋਂ ਕੁਝ ਮਿੰਟ ਪੁਲਾੜ ਏਜੰਸੀ ਨੇ ਪਹਿਲਾਂ ਇਹ ਐਲਾਨ ਕੀਤਾ।
ਪੁਲਾੜ ਏਜੰਸੀ ਨੇ ਮੂਲ ਰੂਪ ਵਿਚ ਯੂਰਪੀਅਨ ਸਪੇਸ ਏਜੰਸੀ (ਈ. ਐੱਸ. ਏ.) ਦੇ ‘ਪ੍ਰੋਬਾ-3’ ਨੂੰ ਬੁੱਧਵਾਰ ਸ਼ਾਮ 4.08 ਵਜੇ ਪੁਲਾੜ ਕੇਂਦਰ ਤੋਂ ਲਾਂਚ ਕਰਨ ਦੀ ਯੋਜਨਾ ਬਣਾਈ ਸੀ। ਇਸਰੋ ਨੇ ਇਕ ਬਿਆਨ ’ਚ ਕਿਹਾ, ‘ਪ੍ਰੋਬਾ-3 ਪੁਲਾੜ ਯਾਨ ’ਚ ਪਾਈ ਗਈ ਕਮੀ ਕਾਰਨ ਪੀ. ਐੱਸ. ਐੱਲ. ਵੀ.-ਸੀ59/ਪ੍ਰੋਬਾ-3 ਦੀ ਲਾਂਚਿੰਗ ਨੂੰ ਕੱਲ (ਵੀਰਵਾਰ) ਸ਼ਾਮ 4.04 ਵਜੇ ਤੱਕ ਮੁੜ ਨਿਰਧਾਰਤ ਕੀਤਾ ਗਿਆ ਹੈ।’ ਈ. ਐੱਸ. ਏ. ਡਾਇਰੈਕਟਰ ਜਨਰਲ ਜੋਸੇਫ ਐਸ਼ਬੈਕਰ ਨੇ ਕਿਹਾ ਕਿ ਇਹ ਕਮੀ ‘ਪ੍ਰੋਬਾ-3’ ਪੁਲਾੜ ਯਾਨ ਦੇ ਐਡੀਸ਼ਨਲ ਪ੍ਰੋਪਲਸ਼ਨ ਸਿਸਟਮ ’ਚ ਪਾਈ ਗਈ ਹੈ ਅਤੇ ਮੌਜੂਦਾ ’ਚ ਵਿਗਿਆਨੀ ਇਸ ਦੇ ਕਾਰਨਾਂ ਦਾ ਪਤਾ ਲਾਉਣ ’ਚ ਲੱਗੇ ਹਨ।
ਆਪਣੀ ਕਿਸਮ ਦੀ ਦੁਨੀਆ ਦੀ ਪਹਿਲੀ ਪਹਿਲਕਦਮੀ ਤਹਿਤ ‘ਪ੍ਰੋਬਾ-3’ ਵਿਚ 2 ਉਪਗ੍ਰਹਿ ਸ਼ਾਮਲ ਹਨ, ਜਿਸ ’ਚ 2 ਪੁਲਾੜ ਯਾਨ ਇਕੱਠੇ ਉਡਾਣ ਭਰਨਗੇ ਅਤੇ ਸੂਰਜ ਦੇ ਬਾਹਰੀ ਵਾਯੂਮੰਡਲ ਦਾ ਅਧਿਐਨ ਕਰਨਗੇ। ਇਸਰੋ ਦੀ ਵਪਾਰਕ ਇਕਾਈ ‘ਨਿਊਸਪੇਸ ਇੰਡੀਆ ਲਿਮਟਿਡ’ ਨੂੰ ਯੂਰਪੀਅਨ ਸਪੇਸ ਏਜੰਸੀ (ਈ. ਐੱਸ. ਏ.) ਤੋਂ ਇਹ ਆਦੇਸ਼ ‘ਆਰਡਰ’ ਮਿਲਿਆ ਹੈ।