ਲਾਸਟ ਵਰਕਿੰਗ ਡੇਅ ''ਤੇ ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਜੱਜਾਂ ਨੂੰ ਦਿੱਤਾ ਇਹ ਸੰਦੇਸ਼
Friday, Nov 15, 2019 - 05:14 PM (IST)

ਨਵੀਂ ਦਿੱਲੀ— ਆਪਣੇ ਆਖਰੀ ਵਰਕਿੰਗ ਡੇਅ 'ਤੇ ਚੀਫ ਜਸਟਿਸ ਰੰਜਨ ਗੋਗੋਈ ਨੇ ਨਿਆਪਾਲਿਕਾ ਅਤੇ ਸਹਿਕਰਮਚਾਰੀਆਂ ਦੇ ਨਾਂ ਸੰਦੇਸ਼ ਦਿੱਤਾ। ਚੀਫ ਜਸਟਿਸ 17 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ ਅਤੇ ਅੱਜ ਉਨ੍ਹਾਂ ਦਾ ਕੋਰਟ 'ਚ ਆਖਰੀ ਦਿਨ ਸੀ। ਜਸਟਿਸ ਗੋਗੋਈ ਨੇ ਨਿਆਪਾਲਿਕਾ ਦੀ ਆਜ਼ਾਦੀ ਅਤੇ ਜੱਜਾਂ ਦੀ ਆਜ਼ਾਦੀ 'ਤੇ ਕਿਹਾ ਕਿ ਜੱਜਾਂ ਨੂੰ ਮੌਨ ਰਹਿ ਕੇ ਆਪਣੀ ਆਜ਼ਾਦੀ ਦੀ ਵਰਤੋਂ ਕਰਨੀ ਚਾਹੀਦੀ ਹੈ। ਚੀਫ ਜਸਟਿਸ ਨੇ ਆਪਣੇ ਕਾਰਜਕਾਲ ਦੇ ਦੌਰਾਨ ਪ੍ਰੈੱਸ ਦੇ ਵਤੀਰੇ ਦੀ ਵੀ ਸ਼ਲਾਘਾ ਕੀਤੀ।
ਜਸਟਿਸ ਗੋਗੋਈ ਵਲੋਂ ਜਾਰੀ ਨੋਟ 'ਚ ਕਿਹਾ ਗਿਆ,''ਵਕੀਲਾਂ ਨੂੰ ਬੋਲਣ ਦੀ ਅਜ਼ਾਦੀ ਹੈ ਅਤੇ ਇਹ ਹੋਣੀ ਵੀ ਚਾਹੀਦੀ ਹੈ, ਬੈਂਚ ਦੇ ਜੱਜਾਂ ਨੂੰ ਆਜ਼ਾਦੀ ਦੀ ਵਰਤੋਂ ਮੌਨ ਰਹਿ ਕੇ ਕਰਨੀ ਚਾਹੀਦੀ ਹੈ। ਜੱਜਾਂ ਨੂੰ ਆਪਣੀ ਆਜ਼ਾਦੀ ਬਣਾਈ ਰੱਖਣ ਲਈ ਮੌਨ ਰਹਿਣਾ ਚਾਹੀਦਾ ਹੈ। ਇਸ ਦਾ ਅਰਥ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ, ਸਗੋਂ ਜੱਜਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਬੋਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੱਜਾਂ ਨੂੰ ਮੌਨ ਹੀ ਰਹਿਣਾ ਚਾਹੀਦਾ ਹੈ।''
ਜਸਟਿਸ ਗੋਗੋਈ ਸੁਪਰੀਮ ਕੋਰਟ ਦੇ ਉਨ੍ਹਾਂ 4 ਜੱਜਾਂ 'ਚੋਂ ਸਨ, ਜਿਨ੍ਹਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪ੍ਰੈੱਸ ਦੇ ਸਾਹਮਣੇ ਜਾਣ ਦਾ ਵਿਚਾਰ ਕਦੇ ਵੀ ਇਕ ਚੋਣ ਵਾਂਗ ਨਹੀਂ ਸੀ। ਉਨ੍ਹਾਂ ਕਿਹਾ, ''ਮੈਂ ਇਕ ਅਜਿਹੀ ਸੰਸਥਾ ਨਾਲ ਜੁੜਨ ਦਾ ਫੈਸਲਾ ਕੀਤਾ, ਜਿਸ ਦੀ ਤਾਕਤ ਹੀ ਜਨਮਾਨਸ ਦਾ ਭਰੋਸਾ ਅਤੇ ਵਿਸ਼ਵਾਸ ਹੈ।''
ਵੱਖ-ਵੱਖ ਮੀਡੀਆ ਸੰਸਥਾਵਾਂ ਵਲੋਂ ਕਾਰਜਕਾਲ ਦੇ ਆਖਰੀ ਦਿਨ ਪ੍ਰੈੱਸ ਸੰਬੋਧਨ ਦੀ ਅਪੀਲ ਤੋਂ ਬਾਅਦ ਚੀਫ ਜਸਟਿਸ ਨੇ ਇਹ ਨੋਟ ਜਾਰੀ ਕੀਤਾ। ਉਨ੍ਹਾਂ ਨੇ ਆਪਣੇ ਪੂਰੇ ਕਾਰਜਕਾਲ ਦੌਰਾਨ ਪ੍ਰੈੱਸ ਤੋਂ ਮਿਲੇ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ। ਜਸਟਿਸ ਗੋਗੋਈ ਨੇ ਕਿਹਾ ਕਿ ਪ੍ਰੈੱਸ ਨੇ ਦਬਾਅ ਦੇ ਸਮੇਂ ਨਿਆਪਾਲਿਕਾ ਦੀ ਸਾਖ ਨੂੰ ਠੇਸ ਪਹੁੰਚਾਉਣ ਵਾਲੀਆਂ ਝੂਠੀਆਂ ਖਬਰਾਂ ਵਿਰੁੱਧ ਸਹੀ ਰੁਖ ਅਪਣਾਇਆ।