‘ਲਸ਼ਕਰ-ਏ-ਤੋਇਬਾ’ ਦੇ ਗਿਰੋਹ ਦਾ ਪਰਦਾਫ਼ਾਸ਼, ਮਹਿਲਾ ਸਮੇਤ 7 ਅੱਤਵਾਦੀ ਗ੍ਰਿਫ਼ਤਾਰ

Tuesday, May 17, 2022 - 11:34 AM (IST)

‘ਲਸ਼ਕਰ-ਏ-ਤੋਇਬਾ’ ਦੇ ਗਿਰੋਹ ਦਾ ਪਰਦਾਫ਼ਾਸ਼, ਮਹਿਲਾ ਸਮੇਤ 7 ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ– ਸੁਰੱਖਿਆ ਫੋਰਸ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ’ਚ ਲਸ਼ਕਰ-ਏ-ਤੋਇਬਾ ਦੇ ਇਕ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਫ਼ੌਜ ਨੇ 7 ਅੱਤਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਬਾਂਦੀਪੁਰਾ ’ਚ ਹਾਲ ਹੀ ’ਚ ਹੋਏ ਮੁਕਾਬਲੇ ਦੀ ਜਾਂਚ ਕਰਦੇ ਹੋਏ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਲਸ਼ਕਰ-ਏ-ਤੋਇਬਾ ਦੇ ਇਕ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਉਨ੍ਹਾਂ ਨੇ ਪਾਕਿਸਤਾਨ ਤੋਂ ਸਿਖਲਾਈ ਲੈ ਕੇ ਆਏ ਇਕ ਅੱਤਵਾਦੀ ਸਮੇਤ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੇ ਨਾਲ ਹੀ ਅੱਤਵਾਦੀਆਂ ਦੇ 4 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚ ਮਹਿਲਾ ਵੀ ਸ਼ਾਮਲ ਹੈ।

ਅਧਿਕਾਰੀਆਂ ਮੁਤਾਬਕ ਪਾਕਿਸਤਾਨ ਤੋਂ ਸਿਖਲਾਈ ਲੈ ਕੇ ਅੱਤਵਾਦੀ ਦੀ ਪਛਾਣ ਆਰਿਫ ਏਜਾਜ਼ ਸ਼ੇਹਰੀ ਉਰਫ਼ ਅਨਫਲ ਦੇ ਤੌਰ ’ਤੇ ਹੋਈ ਹੈ, ਜੋ ਕਿ 2018 ’ਚ ਵੈਲਿਡ ਵੀਜ਼ਾ (valid visa) ਲੈ ਕੇ ਵਾਹਗਾ ਸਰਹੱਦ ਤੋਂ ਪਾਕਿਸਤਾਨ ਗਿਆ ਸੀ। ਉਹ ਸਿਖਲਾਈ ਲੈਣ ਮਗਰੋਂ ਵਾਪਸ ਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਹੋਰ ‘ਹਾਈਬ੍ਰਿਡ’ ਅੱਤਵਾਦੀ ਹਨ, ਜਿਨ੍ਹਾਂ ਦੀ ਪਛਾਣ ਏਜਾਜ਼ ਅਹਿਮਦ ਰੇਸ਼ੀ ਅਤੇ ਸ਼ਾਰੀਕ ਅਹਿਮਦ ਲੋਨ ਦੇ ਤੌਰ ’ਤੇ ਹੋਈ ਹੈ।  ‘ਹਾਈਬ੍ਰਿਡ’ ਅੱਤਵਾਦੀ ਉਹ ਹੁੰਦੇ ਹਨ, ਜਿਨ੍ਹਾਂ ਬਾਰੇ ਸੁਰੱਖਿਆ ਫੋਰਸਾਂ ਨੂੰ ਜਾਣਕਾਰੀ ਨਹੀਂ ਹੁੰਦੀ ਹੈ ਅਤੇ ਅੱਤਵਾਦੀ ਸਮੂਹ ਉਨ੍ਹਾਂ ਨੂੰ ਇਕ ਜਾਂ ਵੱਧ ਹਮਲੇ ਕਰਨ ਲਈ ਬੁਲਾਉਂਦੇ ਹਨ ਅਤੇ ਫਿਰ ਉਹ ਲੁੱਕ ਜਾਂਦੇ ਹਨ।

ਹਮਲਾ ਕਰਨ ਦਾ ਸੌਂਪਿਆ ਗਿਆ ਸੀ ਕੰਮ-
ਮਿਲੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਅੱਤਵਾਦੀਆਂ ਨੂੰ ਖ਼ਾਸ ਕਰ ਕੇ ਬਾਂਦੀਪੁਰਾ ਜ਼ਿਲ੍ਹੇ ’ਚ ਪੁਲਸ, ਸੁਰੱਖਿਆ ਫ਼ੋਰਸ ਅਤੇ ਹੋਰ ਆਸਾਨ ਟੀਚਿਆਂ ’ਤੇ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੇ 4 ਸਹਿਯੋਗੀਆਂ ਦੀ ਪਛਾਣ- ਰਿਆਜ਼ ਅਹਿਮਦ ਮੀਰ, ਗੁਲਾਮ ਮੁਹੰਮਦ ਵਾਜ਼ਾ, ਮਕਸੂਦ ਅਹਿਮਦ ਮਲਿਕ ਅਤੇ ਸ਼ੀਮਾ ਸੈਫੀ ਦੇ ਤੌਰ ’ਤੇ ਹੋਈ ਹੈ।

ਮਹਿਲਾ ਮਦਦਗਾਰ ਵੀ ਗ੍ਰਿਫ਼ਤਾਰ
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਅੱਤਵਾਦੀ ਸਹਿਯੋਗੀ ਬਾਂਦੀਪੁਰਾ ਜ਼ਿਲ੍ਹੇ ’ਚ ਅੱਤਵਾਦੀਆਂ ਨੂੰ ਪਨਾਹ ਦੇਣ, ਅੱਤਵਾਦੀਆਂ ਨੂੰ ਲਿਆਉਣ-ਲਿਜਾਣ ਸਮੇਤ, ਸਾਜੋ-ਸਾਮਾਨ, ਸਮੱਗਰੀ ਦੀ ਮਦਦ ਕਰਨ ’ਚ ਸ਼ਾਮਲ ਸਨ। ਗ੍ਰਿਫ਼ਤਾਰੀ ਮਹਿਲਾ ਅੱਤਵਾਦੀ ਸਹਿਯੋਗੀ ਬਾਂਦੀਪੁਰਾ ਸ਼ਹਿਰ ’ਚ ਵਾਈ-ਫਾਈ ਹੌਟਸਪਾਟ, ਰਹਿਣ ਦੀ ਥਾਂ ਮੁਹੱਈਆ ਕਰਾਉਣ ਅਤੇ ਅੱਤਵਾਦੀਆਂ ਨੂੰ ਲਿਆਉਣ ਅਤੇ ਲੈ ਕੇ ਜਾਣ ’ਚ ਸ਼ਾਮਲ ਸੀ।

ਇਹ ਸਾਮਾਨ ਹੋਇਆ ਬਰਾਮਦ-
ਗ੍ਰਿਫ਼ਤਾਰ ਅੱਤਵਾਦੀਆਂ ਕੋਲੋਂ ਹਥਿਆਰ, ਦੋ ਪਿਸਤੌਲਾਂ, ਪਿਸਤੌਲ ਦੀਆਂ 25 ਗੋਲੀਆਂ ਅਤੇ 3 ਗ੍ਰਨੇਡ ਬਰਾਮਦ ਕੀਤੇ ਗਏ ਹਨ। ਬੁਲਾਰੇ ਮੁਤਾਬਕ ਅੱਤਵਾਦੀਆਂ ਨੂੰ ਬਾਂਦੀਪੁਰਾ ਤੋਂ ਸ਼੍ਰੀਨਗਰ ਲਿਆਉਣ-ਲਿਜਾਉਣ ਲਈ ਇਸਤੇਮਾਲ ਹੋਣ ਵਾਲੀ ਇਕ ਵੈਨ ਵੀ ਜ਼ਬਤ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ 3 ਸਕੂਟਰ ਵੀ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦਾ ਇਸਤੇਮਾਲ ਅੱਤਵਾਦੀ ਰੇਕੀ ਕਰਨ ਲਈ ਕਰਦੇ ਸਨ।
 


author

Tanu

Content Editor

Related News