ਲਸ਼ਕਰ ਕਮਾਂਡਰ ਮੂਸਾ ਦਾ ਮਾਰਿਆ ਜਾਣਾ ਅੱਤਵਾਦੀ ਸੰਗਠਨ ਨੂੰ ਵੱਡਾ ਝਟਕਾ : ਗ੍ਰਹਿ ਮੰਤਰਾਲਾ
Thursday, Oct 01, 2026 - 12:43 PM (IST)
ਸ਼੍ਰੀਨਗਰ (ਏਜੰਸੀ)- ਕੇਂਦਰੀ ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਮੱਧ ਕਸ਼ਮੀਰ ਦੇ ਬਡਗਾਮ ਜ਼ਿਲੇ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਕਮਾਂਡਰ ਮੁਹੰਮਦ ਆਸਿਫ਼ ਉਰਫ਼ ‘ਮੂਸਾ’ ਦੇ ਮਾਰੇ ਜਾਣ ਨਾਲ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਨੂੰ ‘ਵੱਡਾ ਝਟਕਾ’ ਲੱਗਿਆ ਹੈ। ਗ੍ਰਹਿ ਮੰਤਰਾਲਾ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਫੋਰਸਾਂ ਵੱਲੋਂ ਚਲਾਈ ਗਈ ਸਾਂਝੀ ਮੁਹਿੰਮ ਵਿਚ, ਮੰਗਲਵਾਰ ਨੂੰ ਬਡਗਾਮ ਜ਼ਿਲੇ ਦੇ ਖਾਨਸਾਹਿਬ ਥਾਣੇ ਅਧੀਨ ਪੈਂਦੇ ਗੁਰਵਤਕਲਾਂ ਵਿਚ ਮੂਸਾ ਨੂੰ ਢੇਰ ਕਰ ਦਿੱਤਾ ਗਿਆ, ਜਿਸ ਨੂੰ ਆਸਿਫ਼ ਫ਼ੌਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
ਬਿਆਨ ਅਨੁਸਾਰ, ਫ਼ੌਜ ਤੇ ਹੋਰ ਕੇਂਦਰੀ ਸੁਰੱਖਿਆ ਏਜੰਸੀਆਂ ਲੰਮੇ ਸਮੇਂ ਤੋਂ ਮੂਸਾ ਦੀ ਭਾਲ ਵਿਚ ਸਨ। ਹਾਲ ਹੀ ਵਿਚ, ਉਸ ਦੀਆਂ ਗਤੀਵਿਧੀਆਂ ਅਤੇ ਮੌਜੂਦਗੀ ਬਾਰੇ ਤਕਨੀਕੀ ਅਤੇ ਮਨੁੱਖੀ ਖ਼ੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ, ਉਸ ਦੇ ਖ਼ਾਤਮੇ ਲਈ ਸਾਰੇ ਸਬੰਧਤ ਪੱਖਾਂ ਨੂੰ ਸ਼ਾਮਲ ਕਰਦਿਆਂ ਇਕ ਖ਼ਾਸ ਯੋਜਨਾ ਬਣਾਈ ਗਈ। ਮੁਕਾਬਲੇ ਵਿਚ ਮਾਰਿਆ ਗਿਆ ਅੱਤਵਾਦੀ ਪਾਕਿਸਤਾਨ ਫ਼ੌਜ ਦੇ ‘ਸਪੈਸ਼ਲ ਸਰਵਿਸ ਗਰੁੱਪ’ (ਐੱਸ. ਐੱਸ. ਜੀ.) ਦਾ ਸੇਵਾਮੁਕਤ ਹਵਾਲਦਾਰ ਸੀ ਅਤੇ ਉਹ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਸੁਰੱਖਿਆ ਕਾਫ਼ਲੇ ਵਿਚ ਵੀ ਤਾਇਨਾਤ ਰਿਹਾ ਸੀ।
ਮੂਸਾ ਦੇ ਮਾਰੇ ਜਾਣ ਨਾਲ ਹੀ 4 ਸੀਨੀਅਰ ਕਮਾਂਡਰਾਂ ਦਾ ਪੂਰਾ ਗਰੁੱਪ ਖ਼ਤਮ
ਬਿਆਨ ਮੁਤਾਬਕ, ਮੂਸਾ ਦੇ ਮਾਰੇ ਜਾਣ ਦੇ ਨਾਲ ਹੀ, 2022 ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਰਗਰਮ ਲਸ਼ਕਰ-ਏ-ਤੋਇਬਾ ਦੇ ਚਾਰ ਸੀਨੀਅਰ ਕਮਾਂਡਰਾਂ ਦਾ ਇਕ ਪੂਰਾ ਗਰੁੱਪ ਖ਼ਤਮ ਹੋ ਗਿਆ ਹੈ। ਇਹ ਅੱਤਵਾਦੀ ਹਾਲਨ ਹਮਲਾ (ਅਗਸਤ, 2023), ਡੀ. ਕੇ. ਜੀ. ਹਮਲਾ (ਦਸੰਬਰ, 2023), ਕੰਡੀ ਹਮਲਾ (ਮਈ, 2023), ਸ਼ਾਹਸੀਤਾਰ ਹਮਲਾ (ਮਈ, 2024), ਸ਼ਿਵ ਖੋੜੀ ਹਮਲਾ (ਜੂਨ, 2024), ਗਗਨਗੀਰ ਹਮਲਾ (ਅਕਤੂਬਰ, 2024), ਬੂਟਾਪਥਰੀ ਹਮਲਾ (ਅਕਤੂਬਰ, 2024) ਅਤੇ ਬੈਸਰਨ ਹਮਲਾ (ਅਪ੍ਰੈਲ, 2025) ਵਰਗੇ ਹਮਲਿਆਂ ਲਈ ਜ਼ਿੰਮੇਵਾਰ ਸਨ। ਇਸ ਗਰੁੱਪ ਦੇ 3 ਹੋਰ ਮੈਂਬਰ ਪਹਿਲਾਂ ਵੱਖ-ਵੱਖ ਮੁਕਾਬਲਿਆਂ ਵਿਚ ਸੁਰੱਖਿਆ ਫੋਰਸਾਂ ਹੱਥੋਂ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿਚ ਜੁਨੈਦ ਭੱਟ (3 ਦਸੰਬਰ, 2024, ਦਾਚੀਗਾਮ), ਸੁਲੇਮਾਨ (28 ਜੁਲਾਈ, 2025, ਆਪ੍ਰੇਸ਼ਨ ਮਹਾਦੇਵ) ਅਤੇ ਯਾਸਿਰ 4 ਸਤੰਬਰ, 2026 ਨੂੰ ਆਪ੍ਰੇਸ਼ਨ ਅਸਧਰ ਵਿਚ ਮਾਰਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
