ਲਸ਼ਕਰ ਕਮਾਂਡਰ ਸੈਫੁੱਲਾ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
Thursday, Sep 17, 2026 - 09:15 PM (IST)
ਜੰਮੂ, (ਏਜੰਸੀ)-ਜੰਮੂ ’ਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਅਪ੍ਰੈਲ 2025 ’ਚ ਪਹਿਲਗਾਮ ਅੱਤਵਾਦੀ ਹਮਲੇ ਸਮੇਤ ਕਈ ਵੱਡੇ ਅੱਤਵਾਦੀ ਹਮਲਿਆਂ ਨਾਲ ਸਬੰਧਤ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਦੇ ਕਮਾਂਡਰ ਸੈਫੁੱਲਾ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੈਫੁੱਲਾ ਪਾਕਿਸਤਾਨ ਦੇ ਕਸੂਰ ਜ਼ਿਲੇ ਦੇ ਚੰਗਾ ਮਾਂਗਾ ਪਿੰਡ ਦਾ ਰਹਿਣ ਵਾਲਾ ਹੈ। ਅੱਤਵਾਦੀ ਸੰਗਠਨਾਂ ’ਚ ਉਸ ਨੂੰ ਸਾਜਿਦ ਜੱਟ, ਅਲੀ ਭਾਈ, ਹਬੀਬੁੱਲਾ ਮਲਿਕ, ਲੰਗੜਾ, ਨੂਮੀ, ਨੁਮਾਨ, ਉਸਮਾਨ ਹਬੀਬ ਅਤੇ ਸ਼ਾਨੀ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀਆਂ ਮੁਹਿੰਮਾਂ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸਰਗਰਮ ਹੈ।
ਐੱਨ. ਆਈ. ਏ. ਦੀਆਂ ਦਲੀਲਾਂ ਸੁਣਨ ਅਤੇ ਪਟੀਸ਼ਨ ਤੇ ਉਸ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਅਦਾਲਤ ਨੇ ਲਸ਼ਕਰ ਕਮਾਂਡਰ ਦੇ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। ਐੱਨ. ਆਈ. ਏ. ਅਨੁਸਾਰ ਸੈਫੁੱਲਾ ਨੇ 2005 ਤੋਂ 2007 ਦੌਰਾਨ ਕੁਲਗਾਮ ਜ਼ਿਲੇ ’ਚ ਲਸ਼ਕਰ ਦੇ ਅੱਤਵਾਦੀ ਕਮਾਂਡਰ ਵਜੋਂ ਵੀ ਕੰਮ ਕੀਤਾ ਸੀ ਅਤੇ ਬਾਅਦ ’ਚ ਪਾਕਿਸਤਾਨ ਭੱਜ ਗਿਆ ਸੀ।
