UAPA ਤਹਿਤ ਪੁਲਸ ਦੀ ਵੱਡੀ ਕਾਰਵਾਈ ! ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਏਜਾਜ਼ ਗਨੀ ਦਾ ਮਕਾਨ ਜ਼ਬਤ
Thursday, Sep 24, 2026 - 04:46 PM (IST)
ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ’ਚ ਪੁਲਸ ਨੇ ਬੁੱਧਵਾਰ ਨੂੰ ਅੱਤਵਾਦ ਨਾਲ ਸਬੰਧਤ ਇਕ ਮਾਮਲੇ ’ਚ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ. ਏ. ਪੀ. ਏ.) ਹੇਠ ਇਕ ਰਿਹਾਇਸ਼ੀ ਜਾਇਦਾਦ ਨੂੰ ਜ਼ਬਤ ਕੀਤਾ।
ਪੁਲਸ ਬੁਲਾਰੇ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਜ਼ਿਲੇ ’ਚ ਦਰਜ ਐੱਫ. ਆਈ. ਆਰ. ਦੇ ਸਬੰਧ ’ਚ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ, 1967 ਦੀ ਧਾਰਾ 25 ਹੇਠ ਇਸ ਰਿਹਾਇਸ਼ੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਬਤ ਕੀਤੀ ਗਈ ਜਾਇਦਾਦ ’ਚ ਸ਼ੀਰੀ ਦੇ ਨੰਬਲਨ ਪਿੰਡ ’ਚ ਸਥਿਤ 2 ਮੰਜ਼ਿਲਾ ਰਿਹਾਇਸ਼ੀ ਮਕਾਨ ਸ਼ਾਮਲ ਹੈ, ਜੋ ਮੁਲਜ਼ਮ ਏਜਾਜ਼ ਅਹਿਮਦ ਗਨੀ ਦਾ ਹੈ।
ਬੁਲਾਰੇ ਨੇ ਕਿਹਾ ਕਿ ਜਾਂਚ ਦੌਰਾਨ ਪ੍ਰਤੱਖ ਤੌਰ ’ਤੇ ਇਹ ਪਾਇਆ ਗਿਆ ਕਿ ਇਸ ਜਾਇਦਾਦ ਦੀ ਵਰਤੋਂ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਅੱਤਵਾਦੀ ਸਰਗਰਮੀਆਂ ’ਚ ਮਦਦ ਕਰਨ ਲਈ ਕੀਤੀ ਗਈ ਸੀ, ਜਿਸ ਕਾਰਨ ਯੂ. ਏ. ਪੀ. ਏ. ਦੇ ਸਬੰਧਤ ਉਪਬੰਧ ਲਗਾਏ ਗਏ ਹਨ। ਇਹ ਜ਼ਬਤੀ ਪੁਲਸ ਡਾਇਰੈਕਟਰ ਜਨਰਲ ਤੋਂ ਜ਼ਰੂਰੀ ਮਨਜ਼ੂਰੀ ਲੈਣ ਤੋਂ ਬਾਅਦ ਕੀਤੀ ਗਈ।
