ਪਿੰਡ ''ਚ ਵੜਿਆ ਵੱਡਾ ਮਗਰਮੱਛ, ਲੋਕਾਂ ''ਚ ਦਹਿਸ਼ਤ ਦਾ ਮਾਹੌਲ

Tuesday, Sep 15, 2026 - 09:13 PM (IST)

ਪਿੰਡ ''ਚ ਵੜਿਆ ਵੱਡਾ ਮਗਰਮੱਛ, ਲੋਕਾਂ ''ਚ ਦਹਿਸ਼ਤ ਦਾ ਮਾਹੌਲ

ਸੁਪੌਲ : ਬਿਹਾਰ ਦੇ ਸੁਪੌਲ ਜ਼ਿਲ੍ਹੇ ਵਿੱਚ ਨੇਪਾਲ ਸਰਹੱਦ ਨਾਲ ਲੱਗਦੇ ਬਸੰਤਪੁਰ ਪੰਚਾਇਤ ਦੇ ਖੋਂਟਾਹਾ ਪਿੰਡ ਵਿੱਚ ਉਸ ਸਮੇਂ ਭਾਜੜ ਮਚ ਗਈ, ਜਦੋਂ ਇੱਕ ਵੱਡਾ ਮਗਰਮੱਛ ਪਿੰਡ ਦੀ ਵਿਚਕਾਰਲੀ ਸੜਕ 'ਤੇ ਆ ਪਹੁੰਚਿਆ। ਪਿੰਡ ਦੇ ਵਾਰਡ ਨੰਬਰ 1 ਵਿੱਚ ਵਾਰਡ ਮੈਂਬਰ ਅਹਿਲਿਆ ਦੇਵੀ ਦੇ ਘਰ ਦੇ ਨੇੜੇ ਸੜਕ 'ਤੇ ਇਸ ਮਗਰਮੱਛ ਨੂੰ ਦੇਖ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪਿੰਡ ਵਾਸੀਆਂ ਨੇ ਤੁਰੰਤ ਜੰਗਲਾਤ ਵਿਭਾਗ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਅਤੇ ਭੀਮਨਗਰ ਪੁਲਸ ਮੌਕੇ 'ਤੇ ਪਹੁੰਚੀ। ਜੰਗਲਾਤ ਵਿਭਾਗ ਦੀ ਟੀਮ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਫ਼ੀ ਮੁਸ਼ੱਕਤ ਤੋਂ ਬਾਅਦ ਜਾਲ ਵਿਛਾ ਕੇ ਮਗਰਮੱਛ ਨੂੰ ਸੁਰੱਖਿਅਤ ਫੜ ਲਿਆ। ਰੈਸਕਿਊ ਕੀਤੇ ਗਏ ਮਗਰਮੱਛ ਨੂੰ ਫਿਲਹਾਲ ਸੁਰੱਖਿਅਤ ਥਾਂ 'ਤੇ ਰੱਖਿਆ ਗਿਆ ਹੈ ਅਤੇ ਅਧਿਕਾਰੀਆਂ ਅਨੁਸਾਰ ਇਸ ਨੂੰ ਕੋਸੀ ਨਦੀ ਵਿੱਚ ਛੱਡਿਆ ਜਾਵੇਗਾ।

ਪਿੰਡ ਵਾਸੀਆਂ ਅਨੁਸਾਰ ਸਾਲ 2008 ਵਿੱਚ ਆਏ ਕੋਸੀ ਦੇ ਭਿਆਨਕ ਹੜ੍ਹ ਦੌਰਾਨ ਨੇਪਾਲ ਵੱਲੋਂ ਕਈ ਮਗਰਮੱਛ ਵਹਿ ਕੇ ਇਸ ਇਲਾਕੇ ਵਿੱਚ ਆ ਗਏ ਸਨ, ਜਿਸ ਤੋਂ ਬਾਅਦ ਇੱਥੇ ਸਮੇਂ-ਸਮੇਂ 'ਤੇ ਮਗਰਮੱਛ ਦੇਖਣ ਨੂੰ ਮਿਲਦੇ ਰਹੇ ਹਨ। ਇਲਾਕੇ ਦੇ ਜ਼ਿਆਦਾਤਰ ਲੋਕ ਖੇਤੀਬਾੜੀ 'ਤੇ ਨਿਰਭਰ ਹਨ ਅਤੇ ਰੋਜ਼ਾਨਾ ਖੇਤਾਂ ਵਿੱਚ ਜਾਂਦੇ ਹਨ, ਜਿਸ ਕਰਕੇ ਮਗਰਮੱਛਾਂ ਦੀ ਮੌਜੂਦਗੀ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਤੋਂ ਇਲਾਕੇ ਵਿੱਚ ਨਿਗਰਾਨੀ ਵਧਾਉਣ ਅਤੇ ਇਸ ਸਮੱਸਿਆ ਦਾ ਪੱਕਾ ਹੱਲ ਕੱਢਣ ਦੀ ਮੰਗ ਕੀਤੀ ਹੈ।


author

Inder Prajapati

Content Editor

Related News