ਪਿੰਡ ਸਭਰਾ ''ਚ ਲਾਪਰਵਾਹੀ ਕਾਰਨ ਵੱਡਾ ਹਾਦਸਾ, ਟਰਾਂਸਫਾਰਮਰ ’ਤੇ ਚੜ੍ਹੇ ਨੌਜਵਾਨ ਨੂੰ ਲੱਗਾ ਜ਼ਬਰਦਸਤ ਕਰੰਟ, ਜ਼ਖਮੀ

Tuesday, Sep 08, 2026 - 09:07 PM (IST)

ਪਿੰਡ ਸਭਰਾ ''ਚ ਲਾਪਰਵਾਹੀ ਕਾਰਨ ਵੱਡਾ ਹਾਦਸਾ, ਟਰਾਂਸਫਾਰਮਰ ’ਤੇ ਚੜ੍ਹੇ ਨੌਜਵਾਨ ਨੂੰ ਲੱਗਾ ਜ਼ਬਰਦਸਤ ਕਰੰਟ, ਜ਼ਖਮੀ

ਪੱਟੀ, (ਸੋਢੀ)-ਪੱਟੀ ਤਹਿਸੀਲ ਦੇ ਪਿੰਡ ਸਭਰਾ ਵਿਚ ਬਿਜਲੀ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਇਕ ਵਾਰ ਫਿਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਕਰੀਬ ਛੇ ਮਹੀਨੇ ਪਹਿਲਾਂ ਬਿਜਲੀ ਦੀ ਸਪਲਾਈ ਚਾਲੂ ਹੋਣ ਦੌਰਾਨ ਟਰਾਂਸਫਾਰਮਰ ਦੀ ਮੁਰੰਮਤ ਕਰਦੇ ਸਮੇਂ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਹੁਣ ਉਸੇ ਤਰ੍ਹਾਂ ਦਾ ਇਕ ਹੋਰ ਹਾਦਸਾ ਵਾਪਰਿਆ ਹੈ। ਗੁਰਦੁਆਰਾ ਬਾਬਾ ਬੀਰ ਸਿੰਘ ਜੀ ਦੇ ਸਾਹਮਣੇ ਟਰਾਂਸਫਾਰਮਰ ਦੀ ਮੁਰੰਮਤ ਕਰਦੇ ਸਮੇਂ ਭਿੰਦਾ ਸਿੰਘ ਨੂੰ ਜਬਰਦਸਤ ਕਰੰਟ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਝੁਲਸ ਗਿਆ। ਹਾਦਸੇ ਤੋਂ ਬਾਅਦ ਭਿੰਦਾ ਸਿੰਘ ਨੂੰ ਪੱਟੀ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

ਜ਼ਖ਼ਮੀ ਦੇ ਭਰਾ ਬਲਵਿੰਦਰ ਸਿੰਘ ਨੇ ਬਿਜਲੀ ਘਰ ਸਭਰਾ ਦੇ ਆਪ੍ਰੇਟਰ ਗੁਰਜੰਟ ਸਿੰਘ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੂਚਨਾ ਦੇਣ ਦੇ ਬਾਵਜੂਦ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਿੰਦਾ ਸਿੰਘ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਅਤੇ ਹੁਣ ਗੰਭੀਰ ਜ਼ਖ਼ਮੀ ਹੋਣ ਕਾਰਨ ਪਰਿਵਾਰ ਸਾਹਮਣੇ ਇਲਾਜ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਪਰਿਵਾਰ ਨੇ ਇਲਾਜ ਲਈ ਮਦਦ ਅਤੇ ਕਥਿਤ ਲਾਪਰਵਾਹੀ ਕਰਨ ਵਾਲੇ ਮੁਲਾਜ਼ਮ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਐੱਸ.ਡੀ.ਓ ਰਾਜਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੁਲਾਜ਼ਮਾਂ ਵੱਲੋਂ ਘਟਨਾ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਐੱਸ.ਐੱਸ.ਸੀ ਪੱਟੀ ਜਗਦੀਪ ਸਿੰਘ ਨੇ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਡਿਊਟੀ ਵਿਚ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਓਧਰ ਆਪ੍ਰੇਟਰ ਗੁਰਜੰਟ ਸਿੰਘ ਨੇ ਦੋਸ਼ ਨਕਾਰਦਿਆਂ ਕਿਹਾ ਕਿ ਬਿਜਲੀ ਬੰਦ ਕਰਵਾਉਣ ਲਈ ਉਸ ਨੂੰ ਮੈਸੇਜ ਕੀਤਾ ਗਿਆ ਸੀ ਅਤੇ ਟ੍ਰਿਪਿੰਗ ਦੌਰਾਨ ਇਹ ਹਾਦਸਾ ਵਾਪਰਿਆ।


author

Shubam Kumar

Content Editor

Related News