ਉੱਚ ਸਿੱਖਿਆ ਦੀ ਰਾਹ ’ਚ ਹੁਣ ਰੋੜਾ ਨਹੀਂ ਬਣੇਗੀ ਭਾਸ਼ਾ
Thursday, Apr 21, 2022 - 02:03 PM (IST)
ਨਵੀਂ ਦਿੱਲੀ– ਕੋਈ ਵੀ ਵਿਦਿਆਰਥੀ ਹੁਣ ਭਾਸ਼ਾ ਕਾਰਨ ਉੱਚ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ’ਚ ਪਸੰਦੀਦਾ ਕੋਰਸ ’ਚ ਅੱਗੇ ਦੀ ਪੜ੍ਹਾਈ ਦਾ ਪੂਰਾ ਮੌਕਾ ਮਿਲੇਗਾ। ਇੰਜੀਨੀਅਰਿੰਗ ਤੋਂ ਬਾਅਦ ਸਰਕਾਰ ਦੀ ਕੋਸ਼ਿਸ਼ ਉੱਚ ਸਿੱਖਿਆ ਨਾਲ ਜੁੜੇ ਅਜਿਹੇ ਸਾਰੇ ਕੋਰਸਾਂ ’ਚ ਭਾਸ਼ਾ ਦੀ ਉਸ ਕੰਧ ਨੂੰ ਤੋੜਨ ਦੀ ਹੈ, ਜਿਸ ਲਈ ਚੰਗੀ ਅੰਗਰੇਜੀ ਦਾ ਗਿਆਨ ਹੋਣਾ ਜ਼ਰੂਰੀ ਹੈ।
ਇਹੀ ਕਾਰਨ ਹੈ ਕਿ ਨਰਸਿੰਗ, ਮੈਨੇਜਮੈਂਟ ਸਮੇਤ ਸਾਰੇ ਕੋਰਸਾਂ ਦੀ ਪੜ੍ਹਾਈ ਹੁਣ ਅੰਗਰੇਜੀ ਦੇ ਨਾਲ ਉਨ੍ਹਾਂ ਸਾਰੀਆਂ ਦੂਜੀਆਂ ਭਾਰਤੀ ਭਾਸ਼ਾਵਾਂ ’ਚ ਵੀ ਕਰਵਾਉਣ ਦੀ ਹੈ, ਜਿਸ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸਕੂਲੀ ਸਿੱਖਿਆ ਦਿੱਤੀ ਜਾਂਦੀ ਹੈ। ਹਾਲਾਂਕਿ, ਉੱਚ ਗੁਣਵੱਤਾ ਵਾਲੇ ਇੰਜੀਨੀਅਰਿੰਗ, ਮੈਡੀਕਲ ਅਤੇ ਅਜਿਹੀਆਂ ਦੂਜੀਆਂ ਸੰਸਥਾਵਾਂ ਅਤੇ ਕੋਰਸ ਨੂੰ ਇਸ ਤੋਂ ਵੱਖ ਰੱਖਿਆ ਜਾਵੇਗਾ, ਜਿੱਥੇ ਇਹ ਸੰਭਵ ਨਹੀਂਹੋਵੇਗਾ। ਪ੍ਰਯੋਗ ਸਫਲ ਹੋਣ ਤੋਂ ਬਾਅਦ ਦੂਜੇ ਪੱਧਰ ’ਤੇ ਵੀ ਇਸਨੂੰ ਅਪਣਾਉਣ ’ਤੇ ਵਿਚਾਰ ਕੀਤਾ ਜਾਵੇਗਾ।
ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨ.ਈ.ਪੀ.) ਤੋਂ ਬਾਅਦ ਸਰਕਾਰ ਵੀ ਵਿਦਿਆਰਥੀਆਂ ਨੂੰ ਸਕੂਲ ਤੋਂ ਲੈ ਕੇ ਉੱਚ ਸਿੱਖਿਆ ਤਕ ਉਨ੍ਹਾਂ ਦੀ ਮਾਂ-ਬੋਲੀ ’ਚ ਪੜ੍ਹਾਈ ’ਤੇ ਜ਼ੋਰ ਦੇ ਰਹੀ ਹੈ। ਅਜੇ ਅੰਗਰੇਜੀ ’ਚ ਪੜ੍ਹਾਈ ਤੋਂ ਬਾਅਦ ਵਿਦਿਆਰਥੀ ਆਪਣੇ ਖੇਤਰ ਅਤੇ ਸੂਬੇ ’ਚ ਕੰਮ ਕਰਨ ਦੀ ਬਜਾਏ ਪੈਸੇ ਦੇ ਪਿੱਛੇ ਦੌੜਦੇ ਹਨ। ਉਨ੍ਹਾਂ ਨੂੰ ਜਿੱਥੇ ਵੀ ਚੰਗਾ ਪੈਸਾ ਮਿਲਦਾ ਹੈ, ਉੱਥੇ ਉਹ ਕੰਮ ਕਰਨ ਚਲੇ ਜਾਂਦੇ ਹਨ। ਪਹਿਲਾ ਨੁਕਸਾਨ ਉਸ ਖੇਤਰ ਦਾ ਹੁੰਦਾ ਹੈ ਜਿੱਥੋਂ ਉਹ ਆਉਂਦੇ ਹਨ ਕਿਉਂਕਿ ਉਹ ਪੜ੍ਹਾਈ ਤੋਂ ਬਾਅਦ ਕਿਸੇ ਦੂਜੇ ਖੇਤਰ ’ਚ ਕੰਮ ਕਰਦੇ ਹਨ।
ਮਾਂ-ਬੋਲੀ ’ਚ ਪੜ੍ਹਾਈ ਵਾਲੇ ਕੋਰਸ ਦੀ ਹੋ ਰਹੀ ਹੈ ਪਛਾਣ
ਅਧਿਕਾਰੀਆਂ ਮੁਤਾਬਕ, ਉੱਚ ਸਿੱਖਿਆ ਨਾਲ ਜੁੜੇ ਅਜਿਹੇ ਸਾਰੇ ਕੋਰਸਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਹਿੰਦੀ ਸਮੇਤ ਦੂਜੀਆਂ ਭਾਸ਼ਾਵਾਂ ’ਚ ਪੜ੍ਹਾਇਆ ਜਾ ਸਕਦਾ ਹੈ ਜਾਂ ਸੂਬਾ ਇੱਛੁਕ ਹੈ। ਫਿਲਹਾਲ ਨਰਸਿੰਗ ਅਤੇ ਮੈਨੇਜਮੈਂਟ ਨੂੰ ਲੈ ਕੇ ਸਭ ਤੋਂ ਜ਼ਿਆਦਾ ਰੁਝਾਣ ਸਾਹਮਣੇ ਆਇਆਹੈ। ਅਜੇ ਨਰਸਿੰਗ ’ਚ ਕੇਰਲ ਦੇ ਵਿਦਿਆਰਥੀਆਂ-ਵਿਦਿਆਰਥਣਾਂ ਦਾ ਹੀ ਕਬਜ਼ਾ ਹੈ। ਇੰਜੀਨੀਅਰਿੰਗ ਸਮੇਤ ਅਜਿਹੇ ਖੇਤਰਾਂ ਦੇ ਸਿਲੇਬਸਾਂ ਨੂੰ ਦੂਜੀਆਂ ਭਾਸ਼ਾਵਾਂ ’ਚ ਤਿਆਰ ਕਰਨ ਦੀ ਕੋਸ਼ਿਸ਼ ਕਾਫੀ ਤੇਜ਼ੀ ਨਾਲ ਸ਼ੁਰੂ ਹੋਈ ਹੈ।