ਹਿਮਾਚਲ: 24 ਘੰਟਿਆਂ 'ਚ 50 ਤੋਂ ਵੱਧ ਮੌਤਾਂ, ਮੰਦਰ 'ਚੋਂ ਕੱਢੀਆਂ ਗਈਆਂ 11 ਲਾਸ਼ਾਂ, ਬਚਾਅ ਕਾਰਜ ਜਾਰੀ
Tuesday, Aug 15, 2023 - 01:22 AM (IST)
ਸ਼ਿਮਲਾ (ਸੰਤੋਸ਼, ਏ. ਐੱਨ. ਆਈ.) : ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ 2 ਦਿਨਾਂ ਤੋਂ ਪੈ ਰਹੇ ਮੀਂਹ ਅਤੇ ਉਸ ਕਾਰਨ ਜ਼ਮੀਨ ਖਿਸਕਣ ਨਾਲ ਪਿਛਲੇ 24 ਘੰਟਿਆਂ ਵਿੱਚ 50 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਸੂਬੇ 'ਚ ਮੀਂਹ ਕਾਰਨ ਜ਼ਮੀਨ ਖਿਸਕਣ ਤੋਂ ਬਾਅਦ ਮੁੱਖ ਸੜਕਾਂ ਪ੍ਰਭਾਵਿਤ ਹੋ ਗਈਆਂ ਅਤੇ ਵੱਡੀ ਗਿਣਤੀ 'ਚ ਦਰੱਖਤ, ਘਰ ਅਤੇ ਪੁਲ ਡਿੱਗ ਗਏ। ਸ਼ਿਮਲਾ ਦੇ ਸਮਰਹਿਲ ਇਲਾਕੇ ਵਿੱਚ ਜ਼ਮੀਨ ਖਿਸਕਣ ਕਾਰਨ ਪਹਾੜੀ ਦਾ ਹਿੱਸਾ ਟੁੱਟ ਕੇ ਡਿੱਗਣ ਨਾਲ ਸ਼ਿਵਵਾੜੀ ਮੰਦਰ ਢਹਿ-ਢੇਰੀ ਹੋ ਗਿਆ। ਕਈ ਲੋਕ ਮਲਬੇ 'ਚ ਦੱਬ ਗਏ ਅਤੇ ਰਾਤ 8 ਵਜੇ ਤੱਕ 2 ਬੱਚਿਆਂ ਸਮੇਤ 11 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, ਬਾਕੀਆਂ ਦੀ ਭਾਲ ਜਾਰੀ ਹੈ। ਮਲਬੇ ਵਿੱਚ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸਾਉਣ ਦੇ ਪਵਿੱਤਰ ਮਹੀਨੇ ਦੇ ਇਕ ਮਹੱਤਵਪੂਰਨ ਦਿਨ ’ਤੇ ਪੂਜਾ ਕਰਨ ਲਈ ਮੰਦਰ 'ਚ ਭਗਤਾਂ ਦੀ ਭੀੜ ਸੀ।
ਇਹ ਵੀ ਪੜ੍ਹੋ : Shocking Video: ਏਅਰ ਸ਼ੋਅ ਦੌਰਾਨ ਜਹਾਜ਼ ਨੂੰ ਅਚਾਨਕ ਲੱਗੀ ਅੱਗ, ਜਾਣੋ ਫਿਰ ਕੀ ਹੋਇਆ
ਸਮਰਹਿਲ ਦੇ ਸ਼ਿਵ ਮੰਦਰ ਤੋਂ ਇਲਾਵਾ ਰਾਜਧਾਨੀ ਸ਼ਿਮਲਾ 'ਚ ਇਕ ਹੋਰ ਜਗ੍ਹਾ ਫਾਗਲੀ ਵਿੱਚ ਵੀ ਜ਼ਮੀਨ ਖਿਸਕੀ, ਜਿੱਥੇ ਮਲਬੇ 'ਚੋਂ 5 ਲਾਸ਼ਾਂ ਕੱਢੀਆਂ ਗਈਆਂ, ਜਦਕਿ 17 ਲੋਕਾਂ ਨੂੰ ਬਚਾਇਆ ਗਿਆ। ਸ਼ਿਮਲਾ 'ਚ ਜ਼ਮੀਨ ਖਿਸਕਣ ਦੀਆਂ 2 ਘਟਨਾਵਾਂ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਈ। ਫੌਜ ਦੇ ਨਾਲ-ਨਾਲ ਐੱਸ. ਡੀ. ਆਰ. ਐੱਫ., ਐੱਨ. ਡੀ. ਆਰ. ਐੱਫ., ਆਈ. ਟੀ. ਬੀ. ਪੀ. ਅਤੇ ਸੂਬਾ ਪੁਲਸ ਦੇ ਜਵਾਨ ਰਾਹਤ ਅਤੇ ਬਚਾਅ ਕੰਮਾਂ ਵਿੱਚ ਸ਼ਾਮਲ ਰਹੇ। ਸੋਲਨ ਜ਼ਿਲ੍ਹੇ ਦੇ ਜਾਡੌਨ ਪਿੰਡ 'ਚ ਐਤਵਾਰ ਰਾਤ ਬੱਦਲ ਫਟਣ ਨਾਲ ਇਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਬੱਦਲ ਫਟਣ ਨਾਲ ਜ਼ਿਲ੍ਹੇ 'ਚ 2 ਘਰ ਰੁੜ੍ਹ ਗਏ। 6 ਲੋਕਾਂ ਨੂੰ ਬਚਾ ਲਿਆ ਗਿਆ। ਜ਼ਿਲ੍ਹੇ ਦੇ ਬਲੇਰਾ ਪੰਚਾਇਤ 'ਚ ਜ਼ਮੀਨ ਖਿਸਕਣ ਕਾਰਨ ਅਸਥਾਈ ਘਰ ਢਹਿ ਜਾਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
ਇਹ ਵੀ ਪੜ੍ਹੋ : '77ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਦੇਸ਼ 'ਚ ਉਤਸ਼ਾਹ' ਦਾ ਮਾਹੌਲ, ਸੰਬੋਧਨ 'ਚ ਬੋਲੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਮੰਡੀ ਜ਼ਿਲ੍ਹੇ ਦੀ ਸੇਘਲੀ ਪੰਚਾਇਤ ਵਿੱਚ ਐਤਵਾਰ ਦੇਰ ਰਾਤ ਜ਼ਮੀਨ ਖਿਸਕਣ ਨਾਲ 2 ਸਾਲ ਦੇ ਬੱਚੇ ਸਮੇਤ ਇਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ। 3 ਲੋਕਾਂ ਨੂੰ ਬਚਾਇਆ ਗਿਆ। ਹਮੀਰਪੁਰ ਜ਼ਿਲ੍ਹੇ 'ਚ ਲਗਾਤਾਰ ਮੀਂਹ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਲਾਪਤਾ ਹਨ। ਇਕ ਵਿਅਕਤੀ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ, ਜਦਕਿ 2 ਹੋਰਨਾਂ ਨੂੰ ਬਚਾ ਲਿਆ ਗਿਆ। ਮੀਂਹ ਕਾਰਨ ਘਰ ਢਹਿ ਜਾਣ ਨਾਲ ਇਕ ਬਜ਼ੁਰਗ ਔਰਤ ਜ਼ਿੰਦਾ ਦਫਨ ਹੋ ਗਈ, ਜਦਕਿ ਉਸ ਦੇ ਬੇਟੇ ਨੂੰ ਬਚਾ ਲਿਆ ਗਿਆ। ਹਮੀਰਪੁਰ ਦੇ ਰੰਗਸ ਇਲਾਕੇ ਵਿੱਚ ਜ਼ਮੀਨ ਖਿਸਕਣ ਕਾਰਨ ਇਕ ਔਰਤ ਦੀ ਮੌਤ ਹੋ ਗਈ, ਜਦਕਿ ਜ਼ਿਲ੍ਹੇ ਦੀ ਭਗਤੂ ਪੰਚਾਇਤ 'ਚ ਇਕ ਘਰ ਢਹਿਣ ਦੀ ਘਟਨਾ 'ਚ 80 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਇਥੋਪੀਆ ਨੇ ਅਸ਼ਾਂਤ ਅਮਹਾਰਾ ਖੇਤਰ 'ਚ ਕੀਤਾ ਘਾਤਕ ਹਵਾਈ ਹਮਲਾ, 26 ਲੋਕਾਂ ਦੀ ਮੌਤ, 55 ਤੋਂ ਵੱਧ ਜ਼ਖ਼ਮੀ
ਸੂਬਾ ਐਮਰਜੈਂਸੀ ਪਰਿਚਾਲਨ ਕੇਂਦਰ ਮੁਤਾਬਕ ਆਫਤ ਕਾਰਨ ਸੂਬੇ ਵਿੱਚ 621 ਸੜਕਾਂ ਬੰਦ ਹਨ। ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਸੋਮਵਾਰ ਨੂੰ ਬੰਦ ਰਹੇ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੱਸਿਆ ਕਿ ਖੇਤਰ 'ਚ ਜ਼ਮੀਨ ਖਿਸਕਣ ਅਤੇ ਲਗਾਤਾਰ ਮੀਂਹ ਕਾਰਨ ਪਿਛਲੇ 24 ਘੰਟਿਆਂ 'ਚ 50 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਮਲਬੇ 'ਚ 20 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕੁੱਲੂ, ਕਿੰਨੌਰ ਅਤੇ ਲਾਹੌਲ-ਸਪਿਤੀ ਨੂੰ ਛੱਡ ਕੇ ਸੂਬੇ 12 'ਚੋਂ 9 ਜ਼ਿਲ੍ਹਿਆਂ 'ਚ ਵਧੇਰੇ ਮੀਂਹ ਦੀ ਭਵਿੱਖਵਾਣੀ ਕੀਤੀ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8