ਚੰਨ ’ਤੇ ਉਤਰਣਾ ਹੋਵੇਗਾ ਬੇਹੱਦ ਮੁਸ਼ਕਿਲ, ਕਰੇਗਾ ਅਨੋਖੇ ਖਣਿਜਾਂ ਦੀ ਪਛਾਣ

Tuesday, Aug 22, 2023 - 05:44 PM (IST)

ਚੰਨ ’ਤੇ ਉਤਰਣਾ ਹੋਵੇਗਾ ਬੇਹੱਦ ਮੁਸ਼ਕਿਲ, ਕਰੇਗਾ ਅਨੋਖੇ ਖਣਿਜਾਂ ਦੀ ਪਛਾਣ

ਚੰਦਰਮਾ ਦੀ ਸਤ੍ਹਾ ’ਤੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ ਦਾ ਬੁੱਧਵਾਰ ਨੂੰ ਉਮੀਦ ਮੁਤਾਬਿਕ ‘ਟੱਚਡਾਊਨ’ ਬਹੁਤ ਹੀ ਮੁਸ਼ਕਿਲ ਪ੍ਰਕਿਰਿਆ ਹੈ ਅਤੇ ਸਾਰਿਆਂ ਨੂੰ ਚੌਕਸ ਰਹਿਣਾ ਹੋਵੇਗਾ। ਇਸ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਸਾਰੇ ਸਿਸਟਮ ਇਕੱਠੇ ਕੰਮ ਕਰਨ। ਇਸਰੋ ਦੇ ਸਾਬਕਾ ਮੁਖੀ ਜੀ. ਮਾਧਵਨ ਨਾਇਰ ਨੇ ਕਿਹਾ ਕਿ ਇਹ (ਲੈਂਡਿੰਗ) ਇਕ ਬਹੁਤ ਹੀ ਮੁਸ਼ਕਿਲ ਪ੍ਰਕਿਰਿਆ ਹੈ। ਅਸੀਂ ਆਖਰੀ ਦੋ ਕਿਲੋਮੀਟਰ (ਚੰਦਰਮਾ ਦੀ ਸਤ੍ਹਾ ਤੋਂ ਉੱਪਰ) ’ਚ ਅਜਿਹਾ ਕਰਨ ਤੋਂ ਚੰਦਰਯਾਨ-2 ਮਿਸ਼ਨ ’ਚ ਖੁੰਝ ਗਏ ਸੀ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਇਕੱਠੇ ਕੰਮ ਕਰਨਾ ਹੋਵੇਗਾ... ਥ੍ਰਸਟਰ, ਸੈਂਸਰ, ਅਲਟੀਮੀਟਰ, ਕੰਪਿਊਟਰ ਸਾਫਟਵੇਅਰ ਅਤੇ ਬਾਕੀ ਸਾਰੀਆਂ ਚੀਜ਼ਾਂ। ਕਿਤੇ ਵੀ ਕੋਈ ਗਡ਼ਬਡ਼ੀ ਹੋਣ ’ਤੇ... ਅਸੀਂ ਮੁਸੀਬਤ ’ਚ ਪੈ ਸਕਦੇ ਹਾਂ। ਫਿਰ ਵੀ, ਸਾਨੂੰ ਆਪਣੇ ਵੱਲੋਂ ਦੁਆ ਕਰਨੀ ਹੋਵੇਗੀ।

ਇਹ ਵੀ ਪੜ੍ਹੋ : ਜਾਣੋ ਕਿਉਂ ਉਤਰ ਰਹੇ ਹਾਂ ਅਸੀਂ ਚੰਨ ’ਤੇ,  ਚੰਨ ਨੂੰ ਛੂਹਣਾ ਭਾਰਤ ਲਈ ‘ਸ਼ੁੱਧ ਲਾਭ’

ਅਨੋਖੇ ਖਣਿਜਾਂ ਦੀ ਪਛਾਣ ਕਰਾਂਗੇ
ਨਾਇਰ ਨੇ ਕਿਹਾ ਕਿ ਅਸੀਂ (ਚੰਦਰਮਾ ਦੀ) ਸਤ੍ਹਾ ਤੋਂ ਜੋ ਅੰਕੜੇ ਇਕੱਠੇ ਕਰ ਸਕਦੇ ਹਾਂ, ਉਹ ਕੁਝ ਖਣਿਜਾਂ ਦੀ ਪਛਾਣ ਕਰਨ ’ਚ ਲਾਭਦਾਇਕ ਹੋਣਗੇ... ਅਨੋਖੇ ਖਣਿਜ... ਹੀਲੀਅਮ-3 ਆਦਿ। ਇਹ ਵੀ ਪਰਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਅਸੀਂ ਖੋਜ ਜਾਂ ਮਨੁੱਖੀ ਹਾਜ਼ਰੀ ਲਈ ਚੰਦਰਮਾ ਦੇ ਦੱਖਣੀ ਧਰੁਵ ਦੇ ਕੋਲ ਕਿਸ ਤਰ੍ਹਾਂ ਦੀ ਵਿਵਸਥਾ ਕਰ ਸਕਦੇ ਹਾਂ। ਇਹ (ਸਫਲ ਸਾਫਟ-ਲੈਂਡਿੰਗ) ਇਸਰੋ ਦੇ ਗ੍ਰਹਿ ਖੋਜ ਦੇ ਅਗਲੇ ਪੜਾਅ ਲਈ ਇਕ ਵੱਡੀ ਸ਼ੁਰੂਆਤ ਹੋਣ ਜਾ ਰਹੀ ਹੈ।

ਆਪਣੇ ਬੱਚਿਆਂ ਨਾਲ ਦੇਖਾਂਗੀ ਸਾਫਟ ਲੈਂਡਿੰਗ : ਕਰੀਨਾ
ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਉਹ, ਕਿਸੇ ਵੀ ਹੋਰ ਭਾਰਤੀ ਵਾਂਗ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ ’ਤੇ ਉਤਰਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਅਤੇ ਉਨ੍ਹਾਂ ਦੀ ਯੋਜਨਾ ਆਪਣੇ ਬੱਚਿਆਂ ਨਾਲ ਇਸ ਨੂੰ ਵੇਖਣ ਦੀ ਹੈ। ਕਰੀਨਾ ਨੇ ਦੇਸ਼ ਦੇ ਚੰਦਰਮਾ ਅਭਿਆਨ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਹ ਦੇਸ਼ ਲਈ ਮਾਣ ਦਾ ਪਲ ਹੈ। ਤੁਸੀਂ ਉਸ ਮਾਣ ਨੂੰ ਮਹਿਸੂਸ ਕਰਦੇ ਹੋ। ਭਾਰਤੀ ਹੋਣ ਦੇ ਨਾਤੇ ਅਸੀਂ ਸਾਰੇ ਇਸ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਹਾਂ। ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਇਸ ’ਤੇ ਟਿਕੀਆਂ ਹੋਣਗੀਆਂ। ਮੈਂ ਆਪਣੇ ਬੱਚਿਆਂ ਦੇ ਨਾਲ ਇਸ ਨੂੰ ਵੇਖਾਂਗੀ।

ਚੰਨ ਦੀ ਸਤ੍ਹਾ ਤੋਂ ਲੈਂਡਰ ਮਾਡਿਊਲ ਦੇ ਸੰਦੇਸ਼ ਦੋ ਤਰੀਕਿਆਂ ਨਾਲ ਇਸਰੋ ਦੇ ਕਮਾਂਡ ਸੈਂਟਰ ਨੂੰ ਮਿਲਣਗੇ। ਇਨ੍ਹਾਂ ’ਚ ਇਕ ਚੰਨ ਦੇ ਗ੍ਰਹਿਪੰਧ ’ਚ 2019 ਤੋਂ ਹੀ ਪਰਿਕਰਮਾ ਕਰ ਰਹੇ ਚੰਦਰਯਾਨ-2 ਦੇ ਆਰਬਿਟਰ ਦੇ ਜ਼ਰੀਏ ਅਤੇ ਦੂਜਾ ਚੰਦਰਯਾਨ-3 ਦੇ ਨਾਲ ਗਏ ਪ੍ਰੋਪਲਸ਼ਨ ਮਾਡਿਊਲ ਦੇ ਜ਼ਰੀਏ। ਪ੍ਰੋਪਲਸ਼ਨ ਮਾਡਿਊਲ ਵੀ ਚੰਦਰਮਾ ਦੇ ਗ੍ਰਹਿਪੰਧ ’ਚ ਚੱਕਰ ਕੱਟਦਾ ਰਹੇਗਾ।

ਇਹ ਵੀ ਪੜ੍ਹੋ : ਗੁੰਮਸ਼ੁਦਗੀ ਦੇ ਪੋਸਟਰ ਲੱਗਣ ਤੋਂ ਬਾਅਦ ਦੌਰੇ ’ਤੇ ਪੁੱਜੇ ਸੁਖਬੀਰ ਬਾਦਲ

ਚੰਨ ਦੀ ਸਤ੍ਹਾ ਤੋਂ ਇਸ ਤਰ੍ਹਾਂ ਆਉਣਗੇ ਸੰਦੇਸ਼
ਸੰਚਾਰ ਦਾ ਤਰੀਕਾ
1. ਰੋਵਰ ਪ੍ਰਗਿਆਨ ਜੋ ਪ੍ਰੀਖਣ ਕਰੇਗਾ, ਉਸ ਦੇ ਸੰਦੇਸ਼ ਲੈਂਡਰ ਵਿਕਰਮ ਨੂੰ ਭੇਜੇਗਾ।
2. ਲੈਂਡਰ ਵਿਕਰਮ ਚੰਨ ਦੀ ਸਤ੍ਹਾ ਤੋਂ ਇਕੱਠੀ ਕੀਤੀ ਜਾਣਕਾਰੀ ਚੰਨ ਦੇ ਗ੍ਰਹਿਪੰਧ ’ਚ ਚੱਕਰ ਕੱਟ ਰਹੇ ਪ੍ਰੋਪਲਸ਼ਨ ਮਾਡਿਊਲ ਅਤੇ ਚੰਦਰਯਾਨ-2 ਦੇ ਆਰਬਿਟਰ ਨੂੰ ਭੇਜੇਗਾ। ਪ੍ਰੋਪਲਸ਼ਨ ਮਾਡਿਊਲ ਅਤੇ ਆਰਬਿਟਰ ਇਸ ਲੈਂਡਰ ਤੋਂ ਮਿਲੀ ਜਾਣਕਾਰੀ ਨੂੰ ਇੰਡੀਅਨ ਡੀਪ ਸਪੇਸ ਨੈੱਟਵਰਕ (ਆਈ. ਡੀ. ਐੱਸ. ਐੱਨ.) ਦੇ ਜ਼ਰੀਏ ਕਮਾਂਡ ਸੈਂਟਰ ਨੂੰ ਭੇਜਣਗੇ।

ਚੰਦਰਯਾਨ-3 ਦੇ ਰੌਚਕ ਸੰਦੇਸ਼
5 ਅਗਸਤ : ਚੰਦਰਯਾਨ-3 ਨੇ ਕਮਾਂਡ ਸੈਂਟਰ ਨੂੰ ਪਹਿਲਾ ਸੰਦੇਸ਼
‘‘MOX, ISTRAC, ਮੈਂ ਚੰਦਰਯਾਨ-3 ਹਾਂ। ਮੈਂ ਚੰਨ ਦੇ ਗੁਰੂਤਾ ਆਕਰਸ਼ਣ ਨੂੰ ਮਹਿਸੂਸ ਕਰ ਰਿਹਾ ਹਾਂ।’’

ਕੀ ਹੈ MOX, ISTRAC
ਇਹ ਇਸਰੋ ਦਾ ਬੈਂਗਲੂਰੂ ਸਥਿਤ ਚੰਦਰਯਾਨ-3 ਦਾ ਕਮਾਂਡ ਸੈਂਟਰ ਮਿਸ਼ਨ ਆਪ੍ਰੇਸ਼ਨ ਕੰਪਲੈਕਸ (MOX) ਹੈ, ਜੋ ਟੈਲੀਮੈਟਰੀ, ਟ੍ਰੈਕਿੰਗ ਐਂਡ ਕਮਾਂਡ ਨੈੱਟਵਰਕ (ISTRAC) ਦੇ ਜ਼ਰੀਏ ਚੰਦਰਯਾਨ-3 ਨੂੰ ਕੰਟਰੋਲ ਕਰਦਾ ਹੈ।

6 ਅਗਸਤ : ਲੈਂਡਰ ਮਾਡਿਊਲ ਦੇ ਲੈਂਡਰ ਹੌਰੀਜੌਂਟਲ ਵਿਲੋਸਿਟੀ ਕੈਮਰਾ (ਐੱਲ. ਐੱਚ. ਵੀ. ਸੀ.) ਨੇ ਚੰਨ ਦੀ ਸਤ੍ਹਾ ਦੀ ਪਹਿਲੀ ਤਸਵੀਰ ਭੇਜੀ।

15 ਅਗਸਤ : ਚੰਦਰਯਾਨ-3 ਦੇ ਲੈਂਡਰ ਪੁਜੀਸ਼ਨ ਡਿਟੈਕਸ਼ਨ ਕੈਮਰਾ (ਐੱਲ. ਪੀ. ਡੀ. ਸੀ.) ਨੇ ਚੰਦਰਮਾ ਦੀ ਸਤ੍ਹਾ ਦੀ ਡਿਟੇਲ ਵੀਡੀਓ ਭੇਜੀ।

17 ਅਗਸਤ : ਲੈਂਡਰ ਮਾਡਿਊਲ ਜਦੋਂ ਪ੍ਰੋਪਲਸ਼ਨ ਮਾਡਿਊਲ ਨਾਲੋਂ ਵੱਖ ਹੋਇਆ ਤਾਂ ਉਸ ਨੇ ਇਸ ਸੰਦੇਸ਼ ਦੇ ਨਾਲ ਪ੍ਰੋਪਲਸ਼ਨ ਮਾਡਿਊਲ ਦਾ ਧੰਨਵਾਦ ਅਦਾ ਕੀਤਾ– ਸਾਥੀ, ਸਵਾਰੀ ਦੇਣ ਲਈ ਧੰਨਵਾਦ।

19 ਅਗਸਤ : ਚੰਦਰਯਾਨ-3 ਦੇ ਲੈਂਡਰ ਹੈਜ਼ਾਰਡ ਡਿਟੈਕਸ਼ਨ ਐਂਡ ਅਵਾਇਡੈਂਸ ਕੈਮਰਾ (ਐੱਲ. ਏ. ਡੀ. ਏ. ਸੀ.) ਨੇ ਚੰਨ ਦੇ ਹਨੇਰੇ ਵਾਲੇ ਹਿੱਸੇ ਦੀਆਂ ਚਾਰ ਚਮਕਦਾਰ ਤਸਵੀਰਾਂ ਭੇਜੀਆਂ।

21 ਅਗਸਤ : ਵੈਲਕਮ ਬਡੀ। ਚੰਨ ਦੀ ਪਰਿਕਰਮਾ ਕਰ ਰਹੇ ਚੰਦਰਯਾਨ-2 ਦੇ ਆਰਬਿਟਰ ਨੇ ਚੰਦਰਯਾਨ-3 ਦੇ ਲੈਂਡਰ ਮਾਡਿਊਲ ਦਾ ਇਸ ਸੰਦੇਸ਼ ਨਾਲ ਸਵਾਗਤ ਕੀਤਾ।

1778 ਕਿੱਲੋਗ੍ਰਾਮ ਵਜ਼ਨ ਉਤਰੇਗਾ ਚੰਨ ’ਤੇ
ਲੈਂਡਰ ਮਾਡਿਊਲ ਦਾ ਕੁਲ ਵਜ਼ਨ 1778 ਕਿੱਲੋਗ੍ਰਾਮ ਹੈ। ਇਸ ’ਚ 1752 ਕਿੱਲੋਗ੍ਰਾਮ ਦਾ ਲੈਂਡਰ ਵਿਕਰਮ ਅਤੇ 26 ਕਿੱਲੋਗ੍ਰਾਮ ਨੂੰ ਰੋਵਰ ਪ੍ਰਗਿਆਨ ਸ਼ਾਮਲ ਹੈ। ਇਸ ਤੋਂ ਇਲਾਵਾ 2148 ਕਿੱਲੋਗ੍ਰਾਮ ਦਾ ਪ੍ਰੋਪਲਸ਼ਨ ਮਾਡਿਊਲ ਚੰਨ ਦੇ ਗ੍ਰਹਿਪੰਧ ’ਚ ਪਹਿਲਾਂ ਹੀ ਵੱਖ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ : ਹਿਮਾਚਲ ਜਾਣ ਵਾਲੇ ਸੈਲਾਨੀ ਸਾਵਧਾਨ! ਮੌਸਮ ਨੂੰ ਲੈ ਕੇ ਜਾਰੀ ਹੋਇਆ ਯੈਲੋ ਅਲਰਟ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News