ਭਾਰਤ ''ਚ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨਾਲ ਸਬੰਧਤ ਜ਼ਮੀਨ ਦੀ ਨਿਲਾਮੀ

Friday, Sep 06, 2024 - 05:41 PM (IST)

ਭਾਰਤ ''ਚ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨਾਲ ਸਬੰਧਤ ਜ਼ਮੀਨ ਦੀ ਨਿਲਾਮੀ

ਬਾਗਪਤ : ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਕੋਟਾਨਾ ਵਿਚ ਸਥਿਤ ਦੁਸ਼ਮਣ ਦੀ ਜਾਇਦਾਦ ਹੇਠ ਆਉਣ ਵਾਲੀ ਦੋ ਹੈਕਟੇਅਰ ਜ਼ਮੀਨ 1.38 ਕਰੋੜ ਰੁਪਏ ਵਿਚ ਨਿਲਾਮ ਕੀਤੀ ਗਈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਜਿਨ੍ਹਾਂ ਜ਼ਮੀਨਾਂ ਦੀ ਨਿਲਾਮੀ ਕੀਤੀ ਗਈ ਹੈ, ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨਾਲ ਸਬੰਧਤ ਦੱਸੀਆਂ ਜਾਂਦੀਆਂ ਹਨ।

PunjabKesari

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਜਾਇਦਾਦ ਬਾਗਪਤ ਦੀ ਬਰੌਤ ਤਹਿਸੀਲ ਦੇ ਕੋਟਾਨਾ ਪਿੰਡ ਵਿੱਚ ਸਥਿਤ ਹੈ ਤੇ ਇਸਨੂੰ 2010 ਵਿੱਚ ਦੁਸ਼ਮਣ ਦੀ ਜਾਇਦਾਦ ਐਲਾਨ ਕੀਤਾ ਗਿਆ ਸੀ। ਦੁਸ਼ਮਣ ਦੀ ਜਾਇਦਾਦ ਦਾ ਵਰਗੀਕਰਨ ਭਾਰਤ 'ਚ ਪਾਕਿਸਤਾਨੀ ਨਾਗਰਿਕਾਂ ਦੀ ਮਲਕੀਅਤ ਵਾਲੀਆਂ ਜਾਇਦਾਦਾਂ ਨਾਲ ਸਬੰਧਤ ਹੈ, ਜਿਸਦਾ ਪ੍ਰਬੰਧਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਇੱਕ ਵਿਭਾਗ, ਦੁਸ਼ਮਣ ਦੀ ਜਾਇਦਾਦ ਰਾਖਵਾਂਕਰਨ ਦੁਆਰਾ ਕੀਤਾ ਜਾਂਦਾ ਹੈ। ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਮੁਸ਼ੱਰਫ, ਜਿਨ੍ਹਾਂ ਨੇ 1999 'ਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਰਕਾਰ ਦਾ ਤਖਤਾ ਪਲਟ ਕੇ ਦੇਸ਼ ਦੀ ਸੱਤਾ 'ਤੇ ਕਬਜ਼ਾ ਕੀਤਾ ਸੀ, ਦੀ 2023 'ਚ ਮੌਤ ਹੋ ਗਈ ਸੀ। ਉਨ੍ਹਾਂ ਦਾ ਜਨਮ ਵੰਡ ਤੋਂ ਪਹਿਲਾਂ ਦਿੱਲੀ ਵਿੱਚ ਹੋਇਆ ਸੀ। ਬਰੌਤ ਦੇ ਉਪ ਜ਼ਿਲ੍ਹਾ ਮੈਜਿਸਟਰੇਟ ਅਮਰ ਵਰਮਾ ਨੇ ਪੁਸ਼ਟੀ ਕੀਤੀ ਕਿ ਮੁਸ਼ੱਰਫ਼ ਦੇ ਦਾਦਾ ਕੋਟਾਨਾ ਵਿੱਚ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਜਿੱਥੋਂ ਤੱਕ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦਾ ਸਬੰਧ ਹੈ, ਉਨ੍ਹਾਂ ਦਾ ਜਨਮ ਦਿੱਲੀ ਵਿਚ ਹੋਇਆ ਸੀ ਅਤੇ ਉਹ ਇੱਥੇ ਕਦੇ ਨਹੀਂ ਆਏ ਸਨ, ਪਰ ਉਨ੍ਹਾਂ ਦੀ ਇੱਥੇ ਸਾਂਝੀ ਜ਼ਮੀਨ ਸੀ।

ਵਰਮਾ ਨੇ ਪੀਟੀਆਈ ਨੂੰ ਦੱਸਿਆ ਕਿ ਮੁਸ਼ੱਰਫ਼ ਦੇ ਮਾਤਾ-ਪਿਤਾ ਕਦੇ ਇੱਥੇ ਨਹੀਂ ਆਏ ਪਰ ਉਨ੍ਹਾਂ ਦੇ ਚਾਚਾ ਹੁਮਾਯੂੰ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸਨ। ਉਨ੍ਹਾਂ ਕਿਹਾ ਕਿ ਪਿੰਡ ਵਿਚ ਇੱਕ ਘਰ ਵੀ ਹੈ, ਜਿੱਥੇ ਹੁਮਾਯੂੰ ਆਜ਼ਾਦੀ ਤੋਂ ਪਹਿਲਾਂ ਰਹਿੰਦਾ ਸੀ। 2010 ਵਿਚ ਇਸ ਜ਼ਮੀਨ ਨੂੰ ਦੁਸ਼ਮਣ ਦੀ ਜਾਇਦਾਦ ਐਲਾਨ ਕਰ ਦਿੱਤਾ ਗਿਆ ਸੀ ਅਤੇ ਵੀਰਵਾਰ ਨੂੰ ਰਾਤ 10.30 ਵਜੇ ਇਸ ਦੀ ਨਿਲਾਮੀ ਕੀਤੀ ਗਈ ਸੀ। ਬਾਗਪਤ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਿਲਾਮ ਕੀਤੀ ਜ਼ਮੀਨ ਦੀ ਸ਼ੁਰੂਆਤੀ ਕੀਮਤ 39.06 ਲੱਖ ਰੁਪਏ ਸੀ ਅਤੇ ਇਹ 1.38 ਕਰੋੜ ਰੁਪਏ ਤੋਂ ਵੱਧ ਵਿੱਚ ਵੇਚੀ ਗਈ। ਉਨ੍ਹਾਂ ਕਿਹਾ ਕਿ ਵਿਕਰੀ ਤੋਂ ਮਿਲਣ ਵਾਲੀ ਰਾਸ਼ੀ ਗ੍ਰਹਿ ਮੰਤਰਾਲੇ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ।

ਜ਼ਿਲ੍ਹੇ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ (ਏਡੀਐੱਮ) ਪੰਕਜ ਵਰਮਾ ਨੇ ਪੀਟੀਆਈ ਨੂੰ ਦੱਸਿਆ ਕਿ ਇਹ ਜ਼ਮੀਨ ਸਾਡੇ ਮਾਲ ਰਿਕਾਰਡ ਵਿੱਚ 'ਨੁਰੂ' ਦੇ ਨਾਂ ਨਾਲ ਦਰਜ ਹੈ। ਇਸ ਨੁਰੂ ਅਤੇ ਪਰਵੇਜ਼ ਮੁਸ਼ੱਰਫ਼ ਵਿਚਕਾਰ ਕੋਈ ਦਸਤਾਵੇਜ਼ੀ ਸਬੰਧ ਨਹੀਂ ਹੈ। ਰਿਕਾਰਡ ਵਿੱਚ ਸਿਰਫ਼ ਇੰਨਾ ਦਿਖਾਇਆ ਗਿਆ ਹੈ ਕਿ ਨੁਰੂ ਇੱਕ ਨਿਵਾਸੀ ਸੀ ਜੋ 1965 ਵਿੱਚ ਪਾਕਿਸਤਾਨ ਚਲਾ ਗਿਆ ਸੀ। ਪੰਕਜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਜ਼ਮੀਨ ਨੂੰ ਦੁਸ਼ਮਣ ਦੀ ਜਾਇਦਾਦ ਐਲਾਨ ਕੀਤਾ ਸੀ ਅਤੇ ਸਥਾਪਿਤ ਨਿਯਮਾਂ ਅਨੁਸਾਰ ਇਸ ਦੀ ਨਿਲਾਮੀ ਕੀਤੀ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਬਰੌਟ ਤਹਿਸੀਲ ਤੋਂ ਕਰੀਬ ਅੱਠ ਕਿਲੋਮੀਟਰ ਦੂਰ ਪਿੰਡ ਕੋਟਾਣਾ ਵਿੱਚ ਸਥਿਤ ਇਹ ਜ਼ਮੀਨ ਰਿਹਾਇਸ਼ੀ ਸ਼੍ਰੇਣੀ ਵਿਚ ਨਹੀਂ ਆਉਂਦੀ।


author

Baljit Singh

Content Editor

Related News