ਹੁਣ ਜਨਤਾ ਕਰੇਗੀ ਕਮਲ ਦੇ ਫੁੱਲ ਦੀ ਵੋਟਬੰਦੀ : ਲਾਲੂ ਯਾਦਵ
Thursday, Apr 04, 2019 - 03:20 PM (IST)
ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਨੋਟਬੰਦੀ ਅਤੇ ਰੋਜ਼ਗਾਰ ਦੇ ਮੁੱਦੇ 'ਤੇ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕੀਤਾ ਹੈ। ਸ਼੍ਰੀ ਯਾਦਵ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀਰਵਾਰ ਨੂੰ ਕੀਤੇ ਗਏ ਟਵੀਟ 'ਚ ਕਿਹਾ ਗਿਆ ਹੈ,''ਉਸ ਨੇ ਨੋਟਬੰਦੀ ਹੀ ਨਹੀਂ ਰੋਜ਼ਗਾਰਬੰਦੀ ਵੀ ਕੀਤੀ ਹੈ ਅਤੇ ਨੌਜਵਾਨਾਂ ਦੀ ਸੋਚਬੰਦੀ ਵੀ। ਹੁਣ ਜਨਤਾ ਕਰੇਗੀ ਕਮਲ ਦੇ ਫੁੱਲ ਦੀ ਵੋਟਬੰਦੀ।''
ਰਾਜਦ ਸੁਪਰੀਮੋ ਨੇ ਇਸ ਤੋਂ ਪਹਿਲਾਂ ਇਕ ਹੋਰ ਟਵੀਟ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਹਮਲਾ ਕਰਦੇ ਹੋਏ ਕਿਹਾ ਸੀ,''ਨਿਤੀਸ਼ ਕਹਿੰਦੇ ਹਨ ਕਿ ਹੁਣ ਲਾਲਟੇਨ ਦੀ ਲੋੜ ਨਹੀਂ ਹੈ ਪਰ ਇਹ ਨਹੀਂ ਜਾਣਦੇ ਬਿਜਲੀ ਜਾਣ 'ਤੇ ਤਾਂ ਲਾਲਟੇਨ ਜਗਾਉਣੀ ਪੈਂਦੀ ਹੀ ਹੈ। ਹੁਣ ਕੋਈ ਨਿਤੀਸ਼ ਨੂੰ ਸਮਝਾਓ ਉਸ ਦਾ ਨਿਸ਼ਾਨ ਤੀਰ ਤਾਂ ਦਵਾਪਰ ਯੁੱਗ 'ਚ ਹੀ ਖਤਮ ਹੋ ਗਿਆ ਸੀ ਹੁਣ ਉਨ੍ਹਾਂ ਦਾ ਉਹ 'ਤੀਰਵਾ' ਕਮਲ ਦੇ ਫੁੱਲ ਨੂੰ ਚੀਰਣ ਦੇ ਕੰਮ ਆ ਰਿਹਾ ਹੈ।''ਦੱਸਣਯੋਗ ਹੈ ਕਿ ਬਹੁਚਰਚਿਤ ਚਾਰਾ ਘਪਲੇ ਮਾਮਲੇ 'ਚ ਸਜ਼ਾ ਪਾਉਣ ਤੋਂ ਬਾਅਦ ਰਾਜਦ ਸੁਪਰੀਮੋ ਇੰਨੀਂ ਦਿਨੀਂ ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ। ਸ਼੍ਰੀ ਯਾਦਵ ਦਾ ਇਲਾਜ ਰਾਂਚੀ ਦੇ ਰਾਜੇਂਦਰ ਆਯੂਵਿਗਿਆਨ ਸੰਸਥਾ (ਰਿਮਜ਼) 'ਚ ਚੱਲ ਰਿਹਾ ਹੈ। ਸ਼੍ਰੀ ਯਾਦਵ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਤੇ ਸਮਰਥਕ ਉਨ੍ਹਾਂ ਦੇ ਟਵਿੱਟਰ ਹੈਂਡਲ ਨੂੰ ਚੱਲਾ ਰਹੇ ਹਨ।