B''Day Spl : ਸ਼ਾਸਤਰੀ ਜੀ ਦੀ ਅਪੀਲ ''ਤੇ ਪੂਰਾ ਦੇਸ਼ ਰੱਖਣ ਲੱਗਾ ਸੀ ਇਕ ਦਿਨ ਦਾ ਵਰਤ

10/02/2019 11:09:11 AM

ਨਵੀਂ ਦਿੱਲੀ— 2 ਅਕਤੂਬਰ ਦੇਸ਼ ਦੇ ਲਈ ਮਹਾਨ ਰਾਸ਼ਟਰੀ ਮਹੱਤਵ ਰੱਖਦਾ ਹੈ, ਕਿਉਂਕਿ ਇਸ ਦਿਨ ਦੋ ਮਹਾਨ ਨੇਤਾਵਾਂ ਦਾ ਜਨਮ ਭਾਰਤ ਦੀ ਧਰਤੀ 'ਤੇ ਹੋਇਆ। ਮਹਾਤਮਾ ਗਾਂਧੀ ਅਤੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਹੋਇਆ। ਲਾਲ ਬਹਾਦੁਰ ਸ਼ਾਸਤਰੀ ਜੀ ਨੇ ਆਪਣੀ ਪੂਰੀ ਜ਼ਿੰਦਗੀ ਗਰੀਬਾਂ ਦੀ ਸੇਵਾ 'ਚ ਸਮਰਪਿਤ ਕਰ ਦਿੱਤੀ ਸੀ। ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਮੁਗਲਸਰਾਏ 'ਚ 2 ਅਕਤੂਬਰ 1904 ਨੂੰ ਹੋਇਆ। ਸ਼ਾਸਤਰੀ ਜੀ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਸੀ। ਇਕ ਗਰੀਬ ਪਰਿਵਾਰ ਤੋਂ ਨਿਕਲ ਕੇ ਅਤੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਕਰਨ ਵਾਲੇ ਸ਼ਾਸਤਰੀ ਜੀ ਨੇ ਦੁਨੀਆ ਨੂੰ ਸਿਖਾ ਦਿੱਤਾ ਕਿ ਜੇਕਰ ਇਨਸਾਨ ਅੰਦਰ ਆਤਮਵਿਸ਼ਵਾਸ ਹੋਵੇ ਤਾਂ ਉਹ ਮੰਜ਼ਲ 'ਤੇ ਪੁੱਜ ਸਕਦਾ ਹੈ। 

ਲਾਲ ਬਹਾਦੁਰ ਸ਼ਾਸਤਰੀ ਜੀ ਨੇ ਆਪਣੇ ਪ੍ਰਧਾਨ ਮੰਤਰੀ ਕਾਲ ਵਿਚ ਪੂਰੇ ਦੇਸ਼ ਨੂੰ ਹਫਤੇ ਵਿਚ ਇਕ ਦਿਨ ਵਰਤ ਰੱਖਣ ਦੀ ਅਪੀਲ ਕੀਤੀ ਸੀ। ਸਾਲ 1964 'ਚ ਜਦੋਂ ਸ਼ਾਸਤਰੀ ਜੀ ਪ੍ਰਧਾਨ ਮੰਤਰੀ ਬਣੇ ਤਾਂ ਉਸ ਦੇ ਅਗਲੇ ਹੀ ਸਾਲ ਯਾਨੀ ਕਿ 1965 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਗਈ। ਦੇਸ਼ ਵਿਚ ਭਿਆਨਕ ਸੋਕਾ ਵੀ ਪਿਆ। ਵਿੱਤੀ ਸੰਕਟ ਨੂੰ ਟਾਲਣ ਲਈ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਇਕ ਦਿਨ ਵਰਤ ਰੱਖਣ ਦੀ ਅਪੀਲ ਕੀਤੀ। ਪੂਰੇ ਦੇਸ਼ ਨੇ ਉਨ੍ਹਾਂ ਦੇ ਇਸ ਫੈਸਲੇ ਦਾ ਮਾਣ ਰੱਖਿਆ। ਇਸ ਮੌਕੇ 'ਤੇ ਉਨ੍ਹਾਂ ਨੇ ਦੇਸ਼ ਦੀ ਖੇਤੀਬਾੜੀ ਨੂੰ ਆਤਮ ਨਿਰਭਰ 'ਤੇ ਜ਼ੋਰ ਦਿੰਦੇ ਹੋਏ ਨਾਅਰਾ ਦਿੱਤਾ- ਜਯ ਜਵਾਨ, ਜਯ ਕਿਸਾਨ।

ਸ਼ਾਸਤਰੀ ਨੇ ਕਿਹਾ ਸੀ ਕਿ ਦੇਸ਼ ਦੀ ਤਰੱਕੀ ਲਈ ਸਾਨੂੰ ਆਪਸ ਵਿਚ ਲੜਨ ਦੀ ਬਜਾਏ ਗਰੀਬੀ, ਬੀਮਾਰੀ ਅਤੇ ਅਨਪੜ੍ਹਤਾ ਨਾਲ ਲੜਨਾ ਹੋਵੇਗਾ। ਸਾਡੀ ਤਾਕਤ ਅਤੇ ਮਜ਼ਬੂਤੀ ਲਈ ਸਭ ਤੋਂ ਜ਼ਰੂਰੀ ਕੰੰਮ ਹੈ, ਲੋਕਾਂ ਵਿਚ ਏਕਤਾ ਸਥਾਪਤ ਕਰਨਾ। ਲਾਲ ਬਹਾਦੁਰ ਸ਼ਾਸਤਰੀ ਆਪਣੇ ਪਰਿਵਾਰ ਵਿਚ ਸਭ ਤੋਂ ਛੋਟੇ ਸਨ, ਇਸ ਕਾਰਨ ਉਨ੍ਹਾਂ ਨੂੰ 'ਨੰਨ੍ਹੇ' ਬੁਲਾਇਆ ਜਾਂਦਾ ਸੀ। ਮਹਿਜ 18 ਮਹੀਨੇ ਦੀ ਉਮਰ 'ਚ ਸ਼ਾਸਤਰੀ ਜੀ ਦੇ ਪਿਤਾ ਦਾ ਦਿਹਾਂਤ ਹੋ ਗਿਆ। ਨਾਨਕੇ ਵਾਲਿਆਂ ਦੇ ਸਹਿਯੋਗ ਨਾਲ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ ਅਤੇ ਉਨ੍ਹਾਂ ਨੂੰ ਮਾਂ ਦਾ ਬਹੁਤ ਸਹਿਯੋਗ ਮਿਲਿਆ। ਇੱਥੇ ਹੀ ਉਨ੍ਹਾਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੜ੍ਹਾਈ ਹਰੀਚੰਦਰ ਹਾਈ ਸਕੂਲ ਅਕੇ ਕਾਸ਼ੀ ਵਿਦਿਆਪੀਠ 'ਚ ਕੀਤੀ। 1928 'ਚ ਉਨ੍ਹਾਂ ਦਾ ਵਿਆਹ ਮਿਰਜ਼ਾਪੁਰ ਵਾਸੀ ਗਣੇਸ਼ ਪ੍ਰਸਾਦ ਦੀ ਪੁੱਤਰੀ ਲਲਿਤਾ ਨਾਲ ਹੋਇਆ। ਉਨ੍ਹਾਂ ਦੇ 6 ਬੱਚੇ- ਦੋ ਪੁੱਤਰੀਆਂ ਅਤੇ 4 ਪੁੱਤਰ ਹੋਏ। 

ਸਾਦਾ ਜੀਵਨ ਅਤੇ ਉੱਚ ਵਿਚਾਰ ਸਦਕਾ ਸ਼ਾਸਤਰੀ ਜੀ ਛੋਟੀ ਉਮਰ ਤੋਂ ਦੇਸ਼ ਭਗਤੀ ਵੱਲ ਸਨ। ਉਹ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਸਨ। ਆਪਣੇ ਸਾਫ-ਸੁਥਰੇ ਅਕਸ ਕਾਰਨ ਹੀ ਉਨ੍ਹਾਂ ਨੂੰ 1964 'ਚ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। ਉਨ੍ਹਾਂ ਆਪਣੇ ਦਿੱਤੇ ਪਹਿਲੇ ਭਾਸ਼ਣ 'ਚ ਇਸ ਗੱਲ ਨੂੰ ਤਰਜੀਹ ਦਿੱਤੀ ਸੀ ਕਿ ਖੁਰਾਕ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਿਆ ਜਾਵੇ ਅਤੇ ਉਹ ਅਜਿਹਾ ਕਰਨ ਵਿਚ ਸਫਲ ਵੀ ਰਹੇ। 11 ਜਨਵਰੀ 1966 ਦੀ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। 


Tanu

Content Editor

Related News