ਲਖੀਮਪੁਰ ਹਿੰਸਾ ’ਤੇ ਵਰੁਣ ਗਾਂਧੀ ਦਾ ਟਵੀਟ- ‘ਜ਼ਖ਼ਮਾਂ ਨੂੰ ਖੋਲ੍ਹਣਾ ਖ਼ਤਰਨਾਕ, ਜਿਸ ਨੂੰ ਭਰਨ ’ਚ ਪੀੜ੍ਹੀਆਂ ਖਪ ਗਈਆਂ’
Sunday, Oct 10, 2021 - 03:57 PM (IST)
ਨਵੀਂ ਦਿੱਲੀ (ਵਾਰਤਾ)— ਭਾਜਪਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਐਤਵਾਰ ਨੂੰ ਇਕ ਵਾਰ ਫਿਰ ਦੋਸ਼ ਲਾਇਆ ਕਿ ਲਖੀਮਪੁਰ ਖੀਰੀ ’ਚ ਪਿਛਲੇ ਹਫ਼ਤੇ ਹੋਈ ਹਿੰਸਾ ਦੀ ਘਟਨਾ ਨੂੰ ‘ਹਿੰਦੂ ਬਨਾਮ ਸਿੱਖ’ ਬਣਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੋਸ਼ਿਸ਼ ਨਾ ਸਿਰਫ਼ ਅਨੈਤਿਕ ਅਤੇ ਗਲਤ ਧਾਰਨਾ ਪੈਦਾ ਕਰਨ ਵਾਲੀ ਹੈ, ਸਗੋਂ ਖ਼ਤਰਨਾਕ ਵੀ ਹੈ। ਵਰੁਣ ਗਾਂਧੀ ਕਿਸਾਨਾਂ ਦੇ ਮੁੱਦਿਆਂ ’ਤੇ ਲਗਾਤਾਰ ਆਪਣੇ ਰਾਇ ਰੱਖ ਰਹੇ ਹਨ। ਲਖੀਮਪੁਰ ਖੀਰੀ ’ਚ ਵਾਪਰੀ ਹਿੰਸਾ ਨੂੰ ਲੈ ਕੇ ਵੀ ਉਨ੍ਹਾਂ ਨੇ ਵੀਡੀਓ ਸਾਂਝੇ ਕੀਤੇ ਸਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਭਾਜਪਾ ਦੀ ਨਵੀਂ ਗਠਿਤ ਰਾਸ਼ਟਰੀ ਕਾਰਜ ਕਮੇਟੀ ਤੋਂ ਵਰੁਣ ਗਾਂਧੀ ਨੂੰ ਬਾਹਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਦੀ ਵੀਡੀਓ ਸਾਂਝੀ ਕਰ ਵਰੁਣ ਗਾਂਧੀ ਬੋਲੇ- ‘ਕਿਸੇ ਦੀ ਵੀ ਆਤਮਾ ਨੂੰ ਝੰਜੋੜ ਦੇਵੇਗੀ’
ਵਰੁਣ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਨੂੰ ਹਿੰਦੂ ਬਨਾਮ ਸਿੱਖ ਦੀ ਲੜਾਈ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਨਾ ਸਿਰਫ਼ ਅਨੈਤਿਕ ਅਤੇ ਗਲਤ ਧਾਰਨਾ ਪੈਦਾ ਕਰਨ ਵਾਲੀ ਹੈ, ਸਗੋਂ ਕਿ ਅਜਿਹੀ ਕੋਈ ਰੇਖਾ ਖਿੱਚਣਾ ਅਤੇ ਉਨ੍ਹਾਂ ਦੇ ਜ਼ਖਮਾਂ ਨੂੰ ਫਿਰ ਤੋਂ ਖੋਲ੍ਹਣਾ ਖ਼ਤਰਨਾਕ ਹੈ, ਜਿਸ ਨੂੰ ਭਰਨ ’ਚ ਪੀੜ੍ਹੀਆਂ ਖਪ ਗਈਆਂ। ਸਾਨੂੰ ਸਿਆਸੀ ਫਾਇਦੇ ਲਈ ਰਾਸ਼ਟਰੀ ਏਕਤਾ ਨੂੰ ਤਾਕ ’ਤੇ ਨਹੀਂ ਰੱਖਣਾ ਚਾਹੀਦਾ। ਦੱਸ ਦੇਈਏ ਕਿ ਬੀਤੇ ਕੁਝ ਸਮੇਂ ਤੋਂ ਵਰੁਣ ਕਿਸਾਨ ਮੁੱਦੇ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ। ਲਖੀਮਪੁਰ ਖੀਰੀ ਹਿੰਸਾ ਮਗਰੋਂ ਵਰੁਣ ਬਗ਼ਾਵਤੀ ਅੰਦਾਜ਼ ਵਿਚ ਖੁੱਲ੍ਹ ਕੇ ਸੋਸ਼ਲ ਮੀਡੀਆ ’ਤੇ ਲਿਖ ਰਹੇ ਹਨ।
ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ਦੀ ਵੀਡੀਓ ਸਾਂਝੀ ਕਰ ਵਰੁਣ ਗਾਂਧੀ ਬੋਲੇ- ‘ਕਤਲ ਕਰ ਕਿਸਾਨਾਂ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ’
ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਖੇਤਰ ਵਿਚ ਬੀਤੇ ਐਤਵਾਰ ਨੂੰ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਦੇ ਦੌਰੇ ਦਾ ਵਿਰੋਧ ਕਰਨ ਦੌਰਾਨ ਹਿੰਸਾ ਵਿਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ ਕਈ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਪੁਲਸ ਦੇ ਇਕ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੇ ਹਿੰਸਾ ਦੇ ਸਿਲਸਿਲੇ ਵਿਚ ਆਸ਼ੀਸ਼ ਮਿਸ਼ਰਾ ਨੂੰ ਸ਼ਨੀਵਾਰ ਨੂੰ ਕਰੀਬ 12 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਗਿ੍ਰਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ: ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ‘ਕਿੰਨੇ ਮੁਲਜ਼ਮ ਗਿ੍ਰਫ਼ਤਾਰ ਹੋਏ?’