ਲਖੀਮਪੁਰ ਖੀਰੀ ਹਿੰਸਾ ’ਤੇ ਫੁਟਿਆ ਕਿਸਾਨਾਂ ਦਾ ਗੁੱਸਾ, ਟਰੈਕਟਰ ਰੈਲੀ ਕੱਢ ਕੇ ਜਤਾਇਆ ਵਿਰੋਧ
Saturday, Oct 09, 2021 - 05:59 PM (IST)
ਊਨਾ (ਅਮਿਤ ਸ਼ਰਮਾ)— ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਬੀਤੇ ਐਤਵਾਰ ਨੂੰ ਹੋਈ ਹਿੰਸਾ ’ਚ ਕਿਸਾਨਾਂ ਦੀ ਮੌਤ ਮਾਮਲੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਵਿਚ ਵੀ ਗੁੱਸਾ ਫੁਟ ਪਿਆ ਹੈ। ਸ਼ਨੀਵਾਰ ਯਾਨੀ ਕਿ ਅੱਜ ਊਨਾ ਦੇ ਪਿੰਡ ਮਜਾਰਾ, ਸਨੌਲੀ, ਮਲੂਕਪੁਰ, ਪੂਨਾ ਅਤੇ ਬੀਨੇਵਾਲ ’ਚ ਕਿਸਾਨਾਂ ਨੇ ਟਰੈਕਟਰ ਰੈਲੀ ਕੱਢ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਪੂਰੀ ਤਰ੍ਹਾਂ ਤਾਨਾਸ਼ਾਹ ਹੋ ਚੁੱਕੀ ਹੈ। ਸਰਕਾਰ ਜਦੋਂ ਸ਼ਾਂਤੀਪੂਰਨ ਤਰੀਕੇ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੌਂਸਲੇ ਨੂੰ ਨਹੀਂ ਤੋੜ ਸਕੀ ਤਾਂ ਉਨ੍ਹਾਂ ਨੂੰ ਗੱਡੀਆਂ ਹੇਠਾਂ ਕੁਚਲਿਆ ਜਾ ਰਿਹਾ ਹੈ। ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਟਰੈਕਟਰ ਰੈਲੀ ਕੱਢਣ ਦੇ ਨਾਲ-ਨਾਲ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਵਿਚ ਲਖੀਮਪੁਰ ਖੀਰੀ ਦੇ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਵੀ ਪਾਠ ਦਾ ਆਯੋਜਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਸਰਕਾਰ ਹਰ ਵਰਗ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦਾ ਜਿਊਂਦਾ ਜਾਗਦਾ ਉਦਾਹਰਣ ਲਖੀਮਪੁਰ ’ਚ ਕਿਸਾਨਾਂ ਨਾਲ ਹੋਈ ਬੇਰਹਿਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਕਿਸਾਨਾਂ ਨੂੰ ਸ਼ਹੀਦ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਟਰੈਕਟਰ ਰੈਲੀ ਕੱਢੀ ਗਈ ਹੈ।