ਲੱਦਾਖ ਪੁਲਸ ਕਰਮੀ ਨੇ ਸੈਲਾਨੀਆਂ ਨੂੰ ਦਿੱਤਾ ਖ਼ਾਸ ਸੰਦੇਸ਼, ਸੋਸ਼ਲ ਮੀਡੀਆ ਯੂਜ਼ਰਸ ਦਾ ਜਿੱਤਿਆ ਦਿਲ
Monday, Oct 25, 2021 - 05:44 PM (IST)
ਲੇਹ— ਸੈਰ-ਸਪਾਟਾ ਵਾਲੀਆਂ ਥਾਵਾਂ ’ਤੇ ਜੇਕਰ ਅਸੀਂ ਘੁੰਮਣ ਦਾ ਆਨੰਦ ਮਾਣਦੇ ਹਾਂ ਤਾਂ ਸਾਡੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਥਾਂ ਨੂੰ ਸਾਫ਼-ਸੁਥਰਾ ਵੀ ਰੱਖਿਆ ਜਾਵੇ। ਧਰਤੀ ਸਾਡੀ ਮਾਂ ਹੈ ਅਤੇ ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਇਸੇ ਕ੍ਰਮ ’ਚ ਲੱਦਾਖ ਦੇ ਇਕ ਪੁਲਸ ਕਰਮੀ ਨੇ ਸੈਲਾਨੀਆਂ ਨੂੰ ਇਕ ਖ਼ਾਸ ਸੰਦੇਸ਼ ਦਿੱਤਾ ਹੈ। ਲੱਦਾਖ ਪੁਲਸ ਕਰਮੀ ਨੇ ਪੈਂਗੋਂਗ ਲੇਕ ਦੇ ਆਲੇ-ਦੁਆਲੇ ਸੈਲਾਨੀਆਂ ਨੂੰ ਗੰਦਗੀ ਫੈਲਣ ਤੋਂ ਰੋਕਣ ਲਈ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ, ਜੋ ਯੂਜ਼ਰਸ ਦਾ ਦਿਲ ਜਿੱਤ ਰਿਹਾ ਹੈ।
Proud of @LehPolice specially #TOURISTWING for such a Great message.@utladakhtourism @lg_ladakh @LehPolice pic.twitter.com/p4q1RBTcWj
— Stanzin Sonam (@Stanzinss) October 23, 2021
ਵੀਡੀਓ ’ਚ ਲੱਦਾਖ ਪੁਲਸ ਕਰਮੀ ਬੋਲ ਰਹੇ ਹਨ ਕਿ ਲੱਦਾਖ ਦੇ ਪੈਂਗੋਂਗ ਲੇਕ, ਉੱਚ ਘਾਹ ਦੇ ਮੈਦਾਨ ਵਾਲਾ ਲੇਕ ਹੈ, ਜੋ ਕਿ ਦੁਨੀਆ ਦੇ ਸਭ ਤੋਂ ਸਾਫ ਝੀਲਾਂ ’ਚੋਂ ਇਕ ਹੈ। ਉਨ੍ਹਾਂ ਨੇ ਪੈਂਗੋਂਗ ਲੇਕ ਦੇ ਕੰਢੇ ਸੈਲਾਨੀਆਂ ਵਲੋਂ ਫੈਲਾਈ ਗਈ ਗੰਦਗੀ ਵੱਲ ਧਿਆਨ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਮੇਰੀ ਅਪੀਲ ਹੈ ਕਿ ਇੰਨੀ ਸੋਹਣੀ ਥਾਂ ਦੀ ਯਾਤਰਾ ਕਰਨ ਦੌਰਾਨ ਗੰਦਗੀ ਨਾ ਫੈਲਾਈ ਜਾਵੇ। ਮੈਨੂੰ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਲੋਕ ਇੱਥੇ ਆ ਕੇ ਪਲਾਸਟਿਕ ਸੁੱਟ ਦਿੰਦੇ ਹਨ।
ਮੈਨੂੰ ਇਹ ਕਹਿੰਦੇ ਹੋਏ ਦੁੱਖ ਹੋ ਰਿਹਾ ਹੈ ਪਰ ਇਕ ਪੁਲਸ ਵਾਲਾ ਹੋਣ ਦੇ ਨਾਅਤੇ ਅਤੇ ਇਕ ਇਨਸਾਨ ਹੋਣ ਦੇ ਨਾਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਅਜਿਹਾ ਨਾ ਕਰੋ। ਇਸ ਦੀ ਪਵਿੱਤਰਤਾ ਨੂੰ ਬਣਾ ਕੇ ਰੱਖੋ, ਧਰਤੀ ਮਾਤਾ ਦਾ ਸਨਮਾਨ ਕਰੋ। ਪੁਲਸ ਕਰਮੀ ਦਾ ਸੰਦੇਸ਼ ਸੋਸ਼ਲ ਮੀਡੀਆ ’ਤੇ ਸ਼ੇਅਰ ਹੋਇਆ ਤਾਂ ਵੱਡੀ ਗਿਣਤੀ ’ਚ ਲੋਕਾਂ ਵਲੋਂ ਇਸ ਨੂੰ ਵੇਖਿਆ ਗਿਆ। ਇਕ ਯੂਜ਼ਰ ਨੇ ਲਿਖਿਆ ਕਿ ਬਹੁਤ ਹੀ ਵਧੀਆ ਸੰਦੇਸ਼ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਬਿਹਤਰੀਨ ਸੰਦੇਸ਼, ਸਾਰਿਆਂ ਨੂੰ ਸੈਰ-ਸਪਾਟਾ ਵਾਲੀ ਥਾਂ ਨੂੰ ਸਾਫ ਅਤੇ ਪਵਿੱਤਰ ਰੱਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪੈਂਗੋਂਗ ਲੇਕ ਨਾ ਸਿਰਫ਼ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ, ਸਗੋਂ ਇਹ ਭਾਰਤ ਲਈ ਵੱਖ-ਵੱਖ ਦਿ੍ਰਸ਼ਟੀਕੋਣਾਂ ਤੋਂ ਵੀ ਅਹਿਮ ਹੈ। ਇੱਥੇ ਸੈਲਾਨੀਆਂ ਦੀ ਗਿਣਤੀ ਵੱਧਣ ਲੱਗੀ ਹੈ, ਜੋ ਕਿ ਚੰਗਾ ਸੰਕੇਤ ਹੈ ਪਰ ਕੁਝ ਸੈਲਾਨੀਆਂ ਦੀ ਗਲਤੀ ਨਾਲ ਇਸ ਦੀ ਕੁਦਰਤੀ ਸੁੰਦਰਤਾ ਪ੍ਰਭਾਵਿਤ ਹੋ ਰਹੀ ਹੈ। ਇਸ ਨੂੰ ਰੋਕਣ ਲਈ ਹੀ ਲੱਦਾਖ ਦੇ ਪੁਲਸ ਕਰਮੀ ਨੇ ਬਹੁਤ ਹੀ ਭਾਵਨਾਤਮਕ ਅਪੀਲ ਕੀਤੀ ਹੈ। ਦੱਸ ਦੇਈਏ ਕਿ ਜਿਸ ਥਾਂ ਦਾ ਇਹ ਵੀਡੀਓ ਹੈ, ਉੱਥੇ ਬਾਲੀਵੁੱਡ ਦੀ ਹਿੱਟ ਫ਼ਿਲਮ ‘3 ਇਡੀਅਟ’ ਦੀ ਸ਼ੂਟਿੰਗ ਨਾਲ ਜੁੜੀਆਂ ਯਾਦਾਂ ਵੀ ਮੌਜੂਦ ਹਨ।