ਅੱਧੀ ਰਾਤ ਨੂੰ ਆਪੇ ਤੋਂ ਬਾਹਰ ਹੋਇਆ ਮਜ਼ਦੂਰ, 2 ਧੀਆਂ, ਭਰਾ ਤੇ SHO ਸਣੇ 5 ਨੂੰ ਉਤਾਰਿਆ ਮੌਤ ਦੇ ਘਾਟ
Thursday, Nov 24, 2022 - 07:11 PM (IST)
ਅਗਰਤਲਾ (ਭਾਸ਼ਾ) : ਤ੍ਰਿਪੁਰਾ ਦੇ ਖੋਵਈ ਜ਼ਿਲ੍ਹੇ ਦੇ ਉੱਤਰੀ ਰਾਮਚੰਦਰਘਾਟ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਅੱਧੀ ਰਾਤ ਨੂੰ ਆਪਣੀਆਂ ਦੋ ਧੀਆਂ ਦਾ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਉਸ ਨੇ ਕੁੜੀਆਂ ਦਾ ਬਚਾਅ ਕਰਨ ਆਏ ਆਪਣੇ ਵੱਡੇ ਭਰਾ ਦਾ ਵੀ ਲਿਹਾਜ਼ ਨਹੀਂ ਕੀਤਾ ਅਤੇ ਉਸ ਦਾ ਵੀ ਕਤਲ ਕਰ ਦਿੱਤਾ। ਪਰਿਵਾਰ ਦੇ 3 ਮੈਂਬਰਾਂ ਨੂੰ ਮਾਰਨ ਤੋਂ ਬਾਅਦ ਉਹ ਸੜਕ 'ਤੇ ਉਤਰ ਆਇਆ ਅਤੇ ਰਾਹਗੀਰਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਖੂਨ-ਖਰਾਬੇ ਦੀ ਖ਼ਬਰ ਸੁਣ ਕੇ ਪੁਲਸ ਪਾਰਟੀ ਸਮੇਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਪਹੁੰਚੇ ਥਾਣਾ ਮੁਖੀ ਦਾ ਵੀ ਉਸ ਵੱਲੋਂ ਕਤਲ ਕਰ ਦਿੱਤਾ ਗਿਆ। ਉਕਤ ਮੁਲਜ਼ਮ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ।
ਇਹ ਖ਼ਬਰ ਵੀ ਪੜ੍ਹੋ - ਪਿਓ ਨੇ ਹਾਰਟ ਅਟੈਕ ਦੱਸ ਕੀਤਾ ਪੁੱਤ ਦਾ ਸਸਕਾਰ, ਪੋਤੀ ਨੇ ਖੋਲ੍ਹੀਆਂ ਪਰਤਾਂ ਤਾਂ ਲੋਕ ਰਹਿ ਗਏ ਹੈਰਾਨ
ਜਾਣਕਾਰੀ ਮੁਤਾਬਕ ਘਟਨਾ ਪਿਛਲੇ ਸਾਲ 26 ਨਵੰਬਰ ਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਸਹਾਇਕ ਇੰਸਪੈਕਟਰ ਜਨਰਲ ਜੋਤਿਸ਼ਮਨ ਦਾਸ ਚੌਧਰੀ ਨੇ ਦੱਸਿਆ ਕਿ ਉੱਤਰੀ ਰਾਮਚੰਦਰਘਾਟ ਇਲਾਕੇ ਦੇ ਰਹਿਣ ਵਾਲੇ ਦਿਹਾੜੀਦਾਰ ਮਜ਼ਦੂਰ ਦੇਬਰਾਏ ਨੇ ਅੱਧੀ ਰਾਤ ਨੂੰ ਅਚਾਨਕ ਹਿੰਸਕ ਹੋ ਕੇ ਆਪਣੀਆਂ ਦੋ ਧੀਆਂ ਅਦਿਤੀ ਅਤੇ ਮੰਦਿਰਾ ਦਾ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ। ਜਦੋਂ ਉਸ ਦਾ ਵੱਡਾ ਭਰਾ ਅਮਲੇਸ਼ ਦੇਬਰਾਏ ਮੌਕੇ ’ਤੇ ਆਇਆ ਤਾਂ ਉਸ ਦਾ ਵੀ ਕਤਲ ਕਰ ਦਿੱਤਾ ਗਿਆ। ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮਾਰਨ ਤੋਂ ਬਾਅਦ ਦੇਬਰਾਏ ਸੜਕ 'ਤੇ ਆ ਗਿਆ ਅਤੇ ਰਾਹਗੀਰਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਰਿਕਸ਼ਾ 'ਚ ਸਵਾਰ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਇਕ ਵਿਅਕਤੀ ਕ੍ਰਿਸ਼ਨ ਦਾਸ ਦੀ ਖੋਵਾਈ ਹਸਪਤਾਲ ਵਿਚ ਮੌਤ ਹੋ ਗਈ।ਸੜਕ ’ਤੇ ਇਸ ਖੂਨ ਖਰਾਬੇ ਦੀ ਸੂਚਨਾ ਮਿਲਣ ’ਤੇ ਥਾਣਾ ਖੋਵਈ ਦੇ ਇੰਚਾਰਜ ਸੱਤਿਆਜੀਤ ਮਲਿਕ ਪੁਲਸ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਉਸ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੇਬਰਾਏ ਨੇ ਮਲਿਕ 'ਤੇ ਵੀ ਹਮਲਾ ਕਰ ਦਿੱਤਾ ਅਤੇ ਬਾਅਦ 'ਚ ਅਗਰਤਲਾ ਦੇ ਸਰਕਾਰੀ ਹਸਪਤਾਲ 'ਚ ਥਾਣਾ ਮੁਖੀ ਦੀ ਮੌਤ ਹੋ ਗਈ। ਅਖ਼ੀਰ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਇਸ ਕਤਲ ਕਾਂਡ ਦੀ ਤੇਜ਼ੀ ਨਾਲ ਜਾਂਚ ਕਰਨ ਤੋਂ ਬਾਅਦ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕੀਤੀ। ਹਾਲਾਂਕਿ ਘਟਨਾ ਵਾਲੀ ਰਾਤ ਦੇਬਰਾਏ ਅਚਾਨਕ ਹਿੰਸਕ ਕਿਉਂ ਹੋ ਗਏ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਖ਼ਬਰ ਵੀ ਪੜ੍ਹੋ - ਤਾਂਤਰਿਕ ਦਾ ਵਹਿਸ਼ੀਪੁਣਾ ! ਪ੍ਰੇਮੀ-ਪ੍ਰੇਮਿਕਾ ਨੂੰ ਗੂੰਦ ਨਾਲ ਜੋੜ ਕੇ ਕੀਤੇ ਕਈ ਵਾਰ, ਦਿੱਤੀ ਰੂਹ ਕੰਬਾਊ ਮੌਤ
ਕੇਸ ਸਬੰਧੀ ਗੱਲਬਾਤ ਕਰਦਿਆਂ ਸਰਕਾਰੀ ਵਕੀਲ ਵਿਕਾਸ ਦੇਬ ਨੇ ਕਿਹਾ ਕਿ ਸ਼ੁਰੂਆਤ ਵਿਚ ਅਜਿਹਾ ਲੱਗ ਰਿਹਾ ਸੀ ਕਿ ਪ੍ਰਦੀਪ ਦੇਬਰਾਏ ਮਾਨਸਿਕ ਤੌਰ 'ਤੇ ਬਿਮਾਰ ਸੀ, ਪਰ ਬਾਅਦ ਵਿਚ ਡਾਕਟਰਾਂ ਨੇ ਤਸਦੀਕ ਕੀਤਾ ਕਿ ਉਹ ਮਾਨਸਿਕ ਤੌਰ 'ਤੇ ਠੀਕ ਸੀ। ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਕਾਰੀ ਦਾਸ ਦੀ ਅਦਾਲਤ ਨੇ ਬੁੱਧਵਾਰ ਨੂੰ ਦਲੀਲਾਂ ਸੁਣਨ ਤੋਂ ਬਾਅਦ ਦੋ ਧੀਆਂ, ਵੱਡੇ ਭਰਾ, ਇਕ ਪੁਲਸ ਇੰਸਪੈਕਟਰ ਅਤੇ ਇਕ ਰਾਹਗੀਰ ਸਮੇਤ ਪੰਜ ਲੋਕਾਂ ਦਾ ਕਤਲ ਕਰਨ ਦੇ ਦੋਸ਼ ਵਿਚ ਇਕ 40 ਸਾਲਾ ਦੇਬਰਾਏ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਘਟਨਾ ਤੋਂ 1 ਸਾਲ ਦੇ ਅੰਦਰ ਹੀ ਆਪਣਾ ਫ਼ੈਸਲਾ ਸੁਣਾ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।