ਮਾਦਾ ਚੀਤਾ ਗਾਮਿਨੀ ਨੇ ਕੁਨੋ ਨੈਸ਼ਨਲ ਪਾਰਕ ’ਚ 5 ਬੱਚਿਆਂ ਨੂੰ ਦਿੱਤਾ ਜਨਮ
Sunday, Mar 10, 2024 - 07:45 PM (IST)
ਭੋਪਾਲ, (ਭਾਸ਼ਾ)- ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ’ਚ ਚੀਤਾ ‘ਗਾਮਿਨੀ’ ਨੇ ਐਤਵਾਰ ਨੂੰ 5 ਬੱਚਿਆਂ ਨੂੰ ਜਨਮ ਦਿੱਤਾ, ਜਿਸ ਨਾਲ ਦੇਸ਼ ’ਚ ਚੀਤਿਆਂ ਦੀ ਕੁੱਲ ਗਿਣਤੀ 26 ਹੋ ਗਈ ਹੈ। ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਇਹ ਜਾਣਕਾਰੀ ਦਿੱਤੀ।
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਚੀਤੇ ਦੇ 5 ਬੱਚੇ, ਕੁਨੋ! ਦੱਖਣੀ ਅਫਰੀਕਾ ਦੇ ਤਵਾਲੂ ਕਾਲਹਾਰੀ ਰੱਖ ਤੋਂ ਲਿਆਂਦੀ ਗਈ ਲੱਗਭਗ 5 ਸਾਲ ਦੀ ਮਾਦਾ ਚੀਤਾ ਗਾਮਿਨੀ ਨੇ ਅੱਜ 5 ਬੱਚਿਆਂ ਨੂੰ ਜਨਮ ਦਿੱਤਾ।’’ ਮੰਤਰੀ ਨੇ ਕਿਹਾ ਕਿ ਭਾਰਤ ’ਚ ਪੈਦਾ ਹੋਣ ਵਾਲੇ ਚੀਤੇ ਦੇ ਬੱਚਿਆਂ ਦੀ ਗਿਣਤੀ ਹੁਣ 13 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਚੌਥੀ ਵਾਰ ਹੈ ਜਦੋਂ ਭਾਰਤ ’ਚ ਕਿਸੇ ਮਾਦਾ ਚੀਤੇ ਨੇ ਬੱਚਿਆਂ ਨੂੰ ਜਨਮ ਦਿੱਤਾ, ਜਦੋਂ ਕਿ ਦੱਖਣੀ ਅਫਰੀਕਾ ਤੋਂ ਲਿਆਂਦੀ ਗਈ ਕਿਸੇ ਮਾਦਾ ਚੀਤੇ ਨੇ ਪਹਿਲੀ ਵਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਕੇਂਦਰੀ ਮੰਤਰੀ ਨੇ ਕਿਹਾ, ‘‘ਸਾਰਿਆਂ ਨੂੰ ਵਧਾਈ, ਖਾਸ ਤੌਰ ’ਤੇ ਜੰਗਲਾਤ ਅਧਿਕਾਰੀਆਂ ਦੀ ਟੀਮ, ਪਸ਼ੂਆਂ ਦੇ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਨੂੰ, ਜਿਨ੍ਹਾਂ ਨੇ ਚੀਤਿਆਂ ਲਈ ਤਣਾਅ-ਮੁਕਤ ਵਾਤਾਵਰਣ ਯਕੀਨੀ ਬਣਾਇਆ, ਜਿਸ ਨਾਲ ਬੱਚਿਆਂ ਦਾ ਜਨਮ ਹੋਇਆ ਹੈ।’’