ਕੋਲਕਾਤਾ: ਡਾਕਟਰ ਨਾਲ ਜ਼ਬਰ-ਜਿਨਾਹ ਤੇ ਕਤਲ ਮਾਮਲੇ ''ਚ ਨਵਾਂ ਵਿਵਾਦ ਸ਼ੁਰੂ, ਸਬੂਤਾਂ ਨਾਲ ਛੇੜਛਾੜ ਦੇ ਲੱਗੇ ਦੋਸ਼
Wednesday, Aug 14, 2024 - 06:02 PM (IST)
ਕੋਲਕਾਤਾ- ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿਚ ਇਕ ਡਾਕਟਰ ਨਾਲ ਜ਼ਬਰ-ਜਿਨਾਹ ਅਤੇ ਕਤਲ ਦੇ ਮਾਮਲੇ ਵਿਚ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ, ਜਿਸ ਜਗ੍ਹਾ 'ਤੇ ਮਹਿਲਾ ਡਾਕਟਰ ਨਾਲ ਜ਼ਬਰ-ਜਿਨਾਹ ਅਤੇ ਕਤਲ ਕੀਤਾ ਗਿਆ ਸੀ, ਉਸ ਦੇ ਨੇੜੇ ਹੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਵਿਰੋਧੀ ਪਾਰਟੀਆਂ ਭਾਜਪਾ ਅਤੇ ਖੱਬੀਆਂ ਪਾਰਟੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਮੁਰੰਮਤ ਦੇ ਕੰਮ ਦੇ ਨਾਂ ’ਤੇ ਸਬੂਤਾਂ ਨਾਲ ਛੇੜਛਾੜ ਕਰਨ ਦਾ ਗੰਭੀਰ ਦੋਸ਼ ਲਾਇਆ ਹੈ।
ਵਿਦਿਆਰਥੀਆਂ ਨੇ ਮੁਰੰਮਤ ਦੇ ਕੰਮ ਖਿਲਾਫ ਕੀਤਾ ਪ੍ਰਦਰਸ਼ਨ
ਸੀ.ਪੀ.ਆਈ.ਐੱਮ. ਨਾਲ ਸਬੰਧਤ ਡੈਮੋਕਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਨੇ ਸੈਮੀਨਾਰ ਹਾਲ ਦੇ ਨੇੜੇ ਮੁੜ ਉਸਾਰੀ ਦੇ ਕੰਮ ਦੀ ਸ਼ੁਰੂਆਤ 'ਤੇ ਸਵਾਲ ਖੜ੍ਹੇ ਕੀਤੇ ਹਨ ਜਿੱਥੇ ਡਾਕਟਰ ਦੀ ਲਾਸ਼ ਮਿਲੀ ਸੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਧਿਕਾਰੀ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਸਬੂਤਾਂ ਨਾਲ ਛੇੜਛਾੜ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀ ਐਮਰਜੈਂਸੀ ਇਮਾਰਤ ਦੇ ਗੇਟ ’ਤੇ ਇਕੱਠੇ ਹੋਏ ਅਤੇ ਮੈਡੀਕਲ ਕਾਲਜ ਵਿਚ ਮੁੜ ਉਸਾਰੀ ਦੇ ਕੰਮ ਸ਼ੁਰੂ ਹੋਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ।
ਕੁਝ ਵਿਦਿਆਰਥੀਆਂ ਨੇ ਪੀੜਤਾਂ ਨਾਲ ਗੈਂਗਰੇਪ ਦਾ ਦਾਅਵਾ ਕੀਤਾ
ਕੁਝ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਪੀੜਤਾ ਨਾਲ ਕਈ ਲੋਕਾਂ ਨੇ ਜ਼ਬਰ-ਜਿਨਾਹ ਕੀਤਾ ਸੀ। ਮੀਡੀਆ ਰਿਪੋਰਟਾਂ ਵਿਚ ਡਾਕਟਰ ਸੁਬਰਨਾ ਗੋਸਵਾਮੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 'ਇਹ ਸਪੱਸ਼ਟ ਹੈ ਕਿ ਇਹ ਕਿਸੇ ਇਕ ਵਿਅਕਤੀ ਦਾ ਕੰਮ ਨਹੀਂ ਹੈ। ਉਸ (ਪੀੜਤ) ਨਾਲ ਗੈਂਗਰੇਪ ਕੀਤਾ ਗਿਆ ਸੀ। ਡਾਕਟਰ ਸੁਬਰਨਾ ਨੇ ਪੋਸਟ ਮਾਰਟਮ ਰਿਪੋਰਟ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ।