ਕਿਸਾਨੀ ਘੋਲ: ‘ਕਿਸਾਨ ਏਕਤਾ ਮੋਰਚਾ’ ਨੇ ਦਿੱਤਾ ਨਵਾਂ ਨਾਅਰਾ- ‘ਮੌਤ ਨਹੀਂ, ਜਿੱਤ ਚੁਣੋ’
Tuesday, Jan 12, 2021 - 12:45 PM (IST)
ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ 48ਵੇਂ ਦਿਨ ’ਚ ਪੁੱਜ ਗਿਆ ਹੈ। ਇਸ ਕਿਸਾਨ ਅੰਦੋਲਨ ’ਚ 60 ਤੋਂ ਵਧੇਰੇ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਬਹੁਤ ਸਾਰੇ ਕਿਸਾਨ ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਦੁਨੀਆ ਨੂੰ ਅਲਵਿਦਾ ਆਖ ਗਏ, ਉੱਥੇ ਹੀ ਸੜਕ ਹਾਦਸਿਆਂ ਨੇ ਵੀ ਕਈ ਕੀਮਤੀ ਜਾਨਾਂ ਲੈ ਲਈਆਂ ਹਨ। ਸੰਘਰਸ਼ ’ਚ ਡਟੇ ਕੁਝ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਵੀ ਕੀਤੀਆਂ ਗਈਆਂ ਹਨ। ਇਸ ਦਰਮਿਆਨ ‘ਕਿਸਾਨ ਏਕਤਾ ਮੋਰਚਾ’ ਵਲੋਂ ਕਿਸਾਨਾਂ ਨੂੰ ਇਕ ਨਵਾਂ ਨਾਅਰਾ- ‘ਮੌਤ ਨਹੀਂ, ਜਿੱਤ ਚੁਣੋ’ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਸਾਨ ਏਕਤਾ ਮੋਰਚਾ ਨੇ ਲਿਖਿਆ ਹੈ ਕਿ ਕਿਸਾਨ ਭਰਾਵੋ ਅਸੀਂ ਜਿੱਤ ਦੇ ਰਸਤੇ ’ਤੇ ਚੱਲ ਰਹੇ ਹਾਂ। ਇਸ ਜਿੱਤ ਲਈ ਤੁਹਾਡੀਆਂ ਜਾਨਾਂ ਬਹੁਤ ਕੀਮਤੀ ਹਨ, ਆਪਣੀਆਂ ਜਾਨਾਂ ਨਾ ਗੁਆਓ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: SC ਦਾ ਵੱਡਾ ਫ਼ੈਸਲਾ, ਅਗਲੇ ਹੁਕਮਾਂ ਤੱਕ ਖੇਤੀ ਕਾਨੂੰਨਾਂ ’ਤੇ ਲਾਈ ਰੋਕ, ਬਣਾਈ ਕਮੇਟੀ
ਜ਼ਿਕਰਯੋਗ ਹੈ ਕਿ ਬੀਤੀ 8 ਜਨਵਰੀ 2021 ਨੂੰ ਕੇਂਦਰ ਸਰਕਾਰ ਨਾਲ ਹੋਈ ਬੈਠਕ ’ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ‘ਜਿੱਤਾਂਗੇ ਜਾਂ ਮਰਾਂਗੇ’ ਲਿਖ ਕੇ ਤਖ਼ਤੀਆਂ ਸਰਕਾਰ ਦੇ ਸਨਮੁੱਖ ਕੀਤੀਆਂ ਗਈਆਂ ਸਨ। ਉਸੇ ਦਿਨ ਤੋਂ ਹੀ ਸੋਸ਼ਲ ਮੀਡੀਆ ’ਤੇ ਇਸ ਨਾਅਰੇ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਸਨ। ਬਹੁਤ ਸਾਰੇ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਇਸ ਸੰਘਰਸ਼ ’ਚ ਮਰਨ ਮਰਾਉਣ ਦੀਆਂ ਗੱਲਾਂ ਨਾ ਕੀਤੀਆਂ ਜਾਣ। ਸੋਸ਼ਲ ਮੀਡੀਆ ’ਤੇ ਕਿਸਾਨ ਆਗੂਆਂ ਨੂੰ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਹਨ ਕਿ ਉਹ ਸਟੇਜਾਂ ਤੋਂ ਕਿਸਾਨਾਂ ਨੂੰ ਸਬਰ, ਧੀਰਜ ਅਤੇ ਹੌਂਸਲਾ ਬਣਾਈ ਰੱਖਣ ਦੀਆਂ ਅਪੀਲਾਂ ਕਰਨ, ਤਾਂ ਜੋ ਸੰਘਰਸ਼ ’ਚ ਡਟੇ ਕਿਸਾਨ ਖ਼ੁਦਕੁਸ਼ੀਆਂ ਦੀ ਸੋਚ ਆਪਣੇ ਜਹਿਨ ਨਾ ਲਿਆਉਣ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਜਗਜੀਤ ਡੱਲੇਵਾਲਾ ਦਾ ਬਿਆਨ- ਨਹੀਂ ਰੁਕੇਗਾ ਕਿਸਾਨ ਅੰਦੋਲਨ
ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਕੜਾਕੇ ਦੀ ਠੰਡ ’ਚ ਡਟੇ ਹੋੋਏ ਹਨ। ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹਨ, ਜਦਕਿ ਕਿਸਾਨ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਜ਼ਿੱਦ ’ਤੇ ਅੜੇ ਹੋਏ ਹਨ। ਹੁਣ ਤੱਕ ਕਿਸਾਨ ਅਤੇ ਕੇਂਦਰ ਵਿਚਾਲੇ 8 ਦੌਰ ਦੀ ਬੈਠਕ ਹੋ ਚੁੱਕੀ ਹੈ, ਜੋ ਕਿ ਬੇਸਿੱਟਾ ਰਹੀ ਹੈ। ਕਿਸਾਨਾਂ ਨੇ ਸਰਕਾਰ ਨੂੰ ਸਪੱਸ਼ਟ ਸ਼ਬਦਾਂ ’ਚ ਆਖ ਦਿੱਤਾ ਸੀ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ, ਉਹ ਘਰ ਵਾਪਸੀ ਨਹੀਂ ਕਰਨਗੇ। ਕਿਸਾਨ ਅੰਦੋਲਨ ਦਾ ਮੁੱਦਾ ਹੁਣ ਸੁਪਰੀਮ ਕੋਰਟ ਦੀ ਦਹਿਲੀਜ਼ ’ਤੇ ਪੁੱਜ ਚੁੱਕਾ ਹੈ।
ਨੋਟ: ਕਿਸਾਨ ਮੋਰਚੇ ਵਲੋਂ ਦਿੱਤੇ ਇਸ ਨਾਅਰੇ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ