ਜਾਣੋ ਕਿਉਂ ਮਨਾਇਆ ਜਾਂਦੈ ‘ਕਿਸਾਨ ਦਿਹਾੜਾ’, ਕੀ ਹੈ ਇਸ ਦਿਨ ਦਾ ਚੌਧਰੀ ਚਰਨ ਸਿੰਘ ਨਾਲ ਕੁਨੈਕਸ਼ਨ
Wednesday, Dec 23, 2020 - 12:33 PM (IST)
ਨਵੀਂ ਦਿੱਲੀ— ਇਤਿਹਾਸ ਦੇ ਪੰਨਿਆਂ ’ਚ 23 ਦਸੰਬਰ ਦੇ ਦਿਨ ਦਾ ਸਬੰਧ ਤਮਾਮ ਉਤਾਰ-ਚੜ੍ਹਾਅ ਤੋਂ ਹੈ ਪਰ ਭਾਰਤ ਵਿਚ ਇਸ ਦਿਨ ਨੂੰ ‘ਕਿਸਾਨ ਅੰਦੋਲਨ’ ਦੇ ਰੂਪ ’ਚ ਮਨਾਇਆ ਜਾਂਦਾ ਹੈ। ਦਰਅਸਲ ਇਸ ਦਿਨ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਕਿਸਾਨਾਂ ਦੀ ਜ਼ਿੰਦਗੀ ਅਤੇ ਹਲਾਤਾਂ ਨੂੰ ਬਿਹਤਰ ਬਣਾਉਣ ਲਈ ਕਈ ਨੀਤੀਆਂ ਦੀ ਸ਼ੁਰੂਆਤ ਕੀਤੀ ਸੀ। ਭਾਰਤ ਸਰਕਾਰ ਨੇ 2001 ਵਿਚ ਚੌਧਰੀ ਚਰਨ ਸਿੰਘ ਦੇ ਸਨਮਾਨ ’ਚ ਹਰ ਸਾਲ 23 ਦਸੰਬਰ ਨੂੰ ਕਿਸਾਨ ਦਿਹਾੜੇ ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਕੀਤਾ। ਚੌਧਰੀ ਚਰਨ ਸਿੰਘ ਦਾ ਜਨਮ 23 ਦਸੰਬਰ 1902 ਨੂੰ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ’ਚ ਹੋਇਆ ਸੀ। ਉਹ ਕਿਸਾਨ ਆਗੂਆਂ ਦੇ ਰੂਪ ਵਿਚ ਲੋਕਪਿ੍ਰਅ ਦੇਸ਼ ਦੇ 5ਵੇਂ ਪ੍ਰਧਾਨ ਮੰਤਰੀ ਸਨ। ਚੌਧਰੀ ਚਰਨ ਸਿੰਘ ਨੇ 1979-1980 ਤੱਕ 5ਵੇਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਦੇਸ਼ ਦੀ ਸੇਵਾ ਕੀਤੀ।
ਭਾਰਤ ’ਚ ਕਿਸਾਨਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਵਜ੍ਹਾ ਕਰ ਕੇ ਦੇਸ਼ ਦਾ ਹਰ ਨਾਗਰਿਕ ਕਦੇ ਭੁੱਖਾ ਨਹੀਂ ਰਹਿੰਦਾ। ਅੱਜ 23 ਦਸੰਬਰ ਨੂੰ ਪੂਰਾ ਦੇਸ਼ ਕਿਸਾਨਾਂ ਦੇ ਸਨਮਾਨ ਅਤੇ ਉਨ੍ਹਾਂ ਪ੍ਰਤੀ ਆਪਣਾ ਧੰਨਵਾਦ ਜ਼ਾਹਰ ਕਰਨ ਲਈ ਇਸ ਦਿਨ ਨੂੰ ‘ਕਿਸਾਨ ਦਿਹਾੜੇ’ ਦੇ ਰੂਪ ਵਿਚ ਮਨਾਉਂਦਾ ਹੈ। ਕਿਸਾਨ ਦਿਹਾੜੇ ਦੇ ਦਿਨ ਦੇਸ਼ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਯਾਦ ਕਰਦਾ ਹੈ। ਉਨ੍ਹਾਂ ਨੇ ਆਪਣੇ ਛੋਟੇ ਜਿਹੇ ਕਾਰਜਕਾਲ ਵਿਚ ਕਿਸਾਨਾਂ ਲਈ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ।
ਚੌਧਰੀ ਚਰਨ ਸਿੰਘ ਨੇ 23 ਦਸੰਬਰ 1978 ਨੂੰ ਕਿਸਾਨ ਟਰੱਸਟ ਦੀ ਸਥਾਪਨਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 1952 ’ਚ ਖੇਤੀਬਾੜੀ ਮੰਤਰੀ ਦੇ ਰੂਪ ਵਿਚ ਕੰਮ ਕੀਤਾ ਅਤੇ 1953 ’ਚ ਜਮੀਂਦਾਰ ਪ੍ਰਥਾ ਨੂੰ ਖਤਮ ਕਰ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਨੂੰ ਯਾਦ ਕਰਨ ਤੋਂ ਇਲਾਵਾ ਇਸ ਦਿਨ ਰਾਸ਼ਟਰੀ ਅਰਥਵਿਵਸਥਾ ’ਚ ਕਿਸਾਨਾਂ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰ ਸਾਡੇ ਲਈ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ ਪੂਰਾ ਦੇਸ਼ ਆਪਣੇ ਅੰਨਦਾਤਾ ਦੇ ਸਨਮਾਨ ’ਚ ਕਿਸਾਨ ਦਿਹਾੜਾ ਮਨਾ ਰਿਹਾ ਹੈ ਸਾਡੇ ਹੀ ਕਿਸਾਨ ਅੱਜ ਦਿੱਲੀ ’ਚ ਕੜਾਕੇ ਦੀ ਠੰਡ ਵਿਚਾਲੇ ਸੜਕਾਂ ’ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਸਰਕਾਰ ਦੇ ਹਾਲ ਹੀ ’ਚ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ 28 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਇਸ ਦਰਮਿਆਨ ਸਰਕਾਰ ਅਤੇ ਕਿਸਾਨਾਂ ਵਿਚਾਲੇ 5 ਦੌਰ ਦੀ ਬੈਠਕ ਵੀ ਹੋ ਪਰ ਕੋਈ ਸਿੱਟਾ ਨਹੀਂ ਨਿਕਲਿਆ। ਅੱਜ ਇਸ ਮੁੱਦੇ ’ਤੇ ਚਰਚਾ ਲਈ ਕਿਸਾਨ ਜਥੇਬੰਦੀਆਂ ਆਪਣਾ ਫ਼ੈਸਲਾ ਦੱਸਣਗੀਆਂ।