ਕਿਸਾਨ ਅੰਦੋਲਨ: ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਅੱਜ ਹੋਵੇਗੀ ਅੱਠਵੇਂ ਦੌਰ ਦੀ ਬੈਠਕ
Friday, Jan 08, 2021 - 10:21 AM (IST)

ਨਵੀਂ ਦਿੱਲੀ: ਸਰਕਾਰ ਅਤੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨ ਸੰਗਠਨਾਂ ਦੇ ਵਿਚਕਾਰ ਅੱਜ ਅੱਠਵੇਂ ਦੌਰ ਦੀ ਗੱਲਬਾਤ ਹੋਵੇਗੀ। ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਆਪਣੀ ਮੰਗ ’ਤੇ ਅੜ੍ਹੇ ਹੋਏ ਹਨ ਜਦੋਂਕਿ ਸਰਕਾਰ ਇਸ ਨੂੰ ਵਾਪਸ ਕਰਨ ਦੀ ਥਾਂ ਇਸ ’ਚ ਸੋਧ ਕਰਨ ਨੂੰ ਤਿਆਰ ਹੈ। ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਜੋ ਜ਼ਿੱਦ ਦੀ ਦੀਵਾਰ ਖੜ੍ਹੀ ਹੈ ਕੀ ਉਹ ਡਿੱਗੇਗੀ ਅਤੇ ਅੱਜ ਦੀ ਮੀਟਿੰਗ ਦਾ ਕੀ ਨਤੀਜਾ ਨਿਕਲਣਾ ਹੈ ਇਸ ’ਤੇ ਸਭ ਦੀਆਂ ਨਜ਼ਰਾਂ ਹਨ।
ਅੱਠਵੇਂ ਦੌਰ ਦੀ ਗੱਲਬਾਤ ਦੁਪਿਹਰ 2 ਵਜੇ ਵਿਗਿਆਨ ਭਵਨ ’ਚ ਹੋਵੇਗੀ। ਇਸ ਤੋਂ ਪਹਿਲਾਂ ਚਾਰ ਜਨਵਰੀ ਨੂੰ ਹੋਈ ਮੀਟਿੰਗ ਦੇ ਬੇਨਤੀਜ਼ਾ ਰਹਿਣ ਤੋਂ ਬਾਅਦ ਇਹ ਮੀਟਿੰਗ ਮੁੱਖ ਹੈ। ਸਰਕਾਰ ਨੇ 30 ਦਸੰਬਰ ਨੂੰ ਛੇਵੇਂ ਦੌਰ ਦੀ ਗੱਲਬਾਤ ’ਚ ਕਿਸਾਨਾਂ ਦੀ ਬਿਜਲੀ ਸਬਸਿਡੀ ਅਤੇ ਪਰਾਲੀ ਸਾੜਨ ਸਬੰਧੀ ਦੋ ਮੰਗਾਂ ਨੂੰ ਮੰਨ ਲਿਆ ਸੀ। ਇਸ ਤੋਂ ਪਹਿਲਾਂ ਦੀ ਕਿਸੇ ਵੀ ਗੱਲਬਾਤ ’ਚ ਕੋਈ ਸਫ਼ਲਤਾ ਨਹੀਂ ਮਿਲੀ ਸੀ।
ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ
ਕਿਸਾਨ ਸਰਕਾਰ ਨਾਲ ਗੱਲਬਾਤ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਆਪਣੇ-ਆਪਣੇ ਰੁੱਖ ’ਤੇ ਅੜ੍ਹੇ ਰਹੇ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਆਪਣੀ ਮੰਗ ਨੂੰ ਲੈ ਕੇ ਟਰੈਕਟਰ ਰੈਲੀਆਂ ਕੱਢੀਆਂ, ਜਦੋਂਕਿ ਕੇਂਦਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਹਰ ਪ੍ਰਸਤਾਵ ’ਤੇ ਵਿਚਾਰ ਲਈ ਤਿਆਰ ਹਨ। ਦਿੱਲੀ ਦੇ ਬਾਹਰੀ ਖੇਤਰ ਸਥਿਤ ਕੇ.ਐੱਮ.ਪੀ. ਐਕਸਪ੍ਰੈਸਵੇ ’ਤੇ ਵੀਰਵਾਰ ਨੂੰ ਕਿਸਾਨਾਂ ਦੇ ਸੰਗਠਨਾਂ ਨੇ ਹਜ਼ਾਰਾਂ ਟਰੈਕਟਰਾਂ ਤੇ ਝੰਡੇ ਲਗਾ ਕੇ ਮਾਰਚ ਕੱਢਿਆ ਜਿਸ ਨੂੰ ਮੁੱਖ ਕਿਸਾਨ ਨੇਤਾ ਨੇ 26 ਜਨਵਰੀ ਟਰੈਕਟਰ ਪਰੇਡ ਦੀ ਇਕ ਰਿਹਰਸਲ ਦੱਸਿਆ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਹ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਪਰੇਡ ਦੀ ਇਕ ਰਿਹਰਸਲ ਸੀ।
ਕਿਸਾਨਾਂ ਨੇ ਆਪਣਾ ਮਾਰਚ ਸਵੇਰੇ ਸਿੰਘੂ ਸਰੱਹਦ ਅਤੇ ਟਿਕਰੀ ਸਰਹੱਦ ਤੋਂ ਸ਼ੁਰੂ ਕੀਤਾ ਅਤੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੱਲ ਰਵਾਨਾ ਹੋਏ ਅਤੇ ਉਸ ਤੋਂ ਬਾਅਦ ਉਹ ਵਾਪਸ ਆ ਗਏ। ਇਸ ਦੌਰਾਨ ਅਜਿਹੀਆਂ ਅਫ਼ਵਾਹਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਸੂਬਿਆਂ ਨੂੰ ਕੇਂਦਰੀ ਖੇਤੀ ਕਾਨੂੰਨਾਂ ਦੇ ਦਾਅਰੇ ਤੋਂ ਬਾਹਰ ਨਿਕਲਣ ਦੀ ਆਗਿਆ ਦਿੱਤੀ ਜਾ ਰਹੀ ਹੈ ਪਰ ਕਿਸਾਨ ਸੰਗਠਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਖਾਦ ਮੰਤਰੀ ਪੀਊਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ 40 ਪ੍ਰਦਰਸ਼ਨਕਾਰੀ ਕਿਸਾਨ ਸੰਗਠਨ ਨੇਤਾਵਾਂ ਦੇ ਨਾਲ ਸਰਕਾਰ ਵੱਲੋਂ ਗੱਲਬਾਤ ਦੀ ਅਗਵਾਈ ਕਰ ਰਹੇ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ