ਕਿਸਾਨੀ ਘੋਲ ਦਾ 45ਵਾਂ ਦਿਨ, ਅੱਜ ਸਿੰਘੂ ਸਰਹੱਦ ’ਤੇ ਕਿਸਾਨ ਕਰਨਗੇ ਬੈਠਕ

Saturday, Jan 09, 2021 - 12:46 PM (IST)

ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅੰਦੋਲਨ ਦਾ ਅੱਜ 45ਵਾਂ ਦਿਨ ਹੈ। ਸਰਕਾਰ ਅਤੇ ਕਿਸਾਨਾਂ ਜਥੇਬੰਦੀਆਂ ਦੇ ਆਗੂਆਂ ਵਿਚਾਲੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਹੋਈ 8ਵੇਂ ਦੌਰ ਦੀ ਗੱਲਬਾਤ ਬੇਨਤੀਜਾ ਰਹੀ। ਸਰਕਾਰ ਨੇ ਕਿਸਾਨ ਆਗੂਆਂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਕਾਨੂੰਨ ਰੱਦ ਨਹੀਂ ਹੋਣਗੇ। ਓਧਰ ਕਿਸਾਨ ਵੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਆਪਣੀ ਮੰਗ ’ਤੇ ਅੜੇ ਹੋਏ ਅਤੇ ਸਰਕਾਰ ਨੂੰ ਦੋ ਟੁੱਕ ਕਿਹਾ ਕਿ ‘ਜਿੱਤਾਂਗੇ ਜਾਂ ਮਰਾਂਗੇ’। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਘਰ ਵਾਪਸੀ ਉਦੋਂ ਹੀ ਹੋਵੇਗੀ, ਜਦੋਂ ਖੇਤੀ ਕਾਨੂੰਨ ਸਰਕਾਰ ਵਾਪਸ ਲੈ ਲਵੇਗੀ। ਹੁਣ ਤੱਕ ਹੋਈਆਂ 8 ਦੌਰ ਦੀਆਂ ਬੈਠਕਾਂ ’ਚ ਗੱਲਬਾਤ ਕਿਸੇ ਸਿਰੇ ’ਤੇ ਲੱਗਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੇ ਤੋੜੀਆਂ ਕਈ ਮਿੱਥਾਂ, ਪੂਰੀ ਦੁਨੀਆ ਨੂੰ ਦਿੱਤਾ ਨਵਾਂ ਸੰਦੇਸ਼

PunjabKesari

ਯਾਨੀ ਕਿ ਕਿਸਾਨਾਂ ਨੂੰ ਗੱਲਬਾਤ ਲਈ ਇਕ ਹੋਰ ਤਾਰੀਖ਼ ਮਿਲ ਗਈ ਹੈ। ਬੈਠਕ ਬੇਸਿੱਟਾ ਰਹਿਣ ਮਗਰੋਂ ਅੱਜ ਸਿੰਘੂ ਸਰਹੱਦ ’ਤੇ ਕਿਸਾਨ ਦੁਪਹਿਰ 3 ਵਜੇ ਬੈਠਕ ਕਰਨਗੇ। ਇਸ ਬੈਠਕ ’ਚ ਸਰਕਾਰ ਨਾਲ ਹੋਈ ਗੱਲਬਾਤ ਨੂੰ ਲੈ ਕੇ ਮੰਥਨ ਕੀਤਾ ਜਾਵੇਗਾ। ਨਾਲ-ਨਾਲ ਹੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਕਿਸਾਨ ਅਗਲੀ ਰਣਨੀਤੀ ਬਣਾਉਣਗੇ। ਬੈਠਕ ਬੇਨਤੀਜਾ ਰਹਿਣ ਮਗਰੋਂ ਹੁਣ ਕਿਸਾਨ ਲੋਹੜੀ ਅਤੇ ਮਾਘੀ ਦਾ ਤਿਉਹਾਰ ਵੀ ਸਰਹੱਦਾਂ ’ਤੇ ਮਨਾਉਣਗੇ। ਦੱਸ ਦੇਈਏ ਕਿ ਕਿਸਾਨੀ ਮਸਲਾ ਸੁਪਰੀਮ ਕੋਰਟ ਦੀ ਚੌਖਟ ’ਚ ਜਾ ਪੁੱਜਾ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਗੱਲਬਾਤ ਰਾਹੀਂ ਦੋਵੇਂ ਧਿਰਾਂ ਮਸਲੇ ਦਾ ਹੱਲ ਕੱਢਣ। ਸੁਪਰੀਮ ਕੋਰਟ ’ਚ ਇਹ ਮਾਮਲਾ ਪੈਂਡਿੰਗ ਹੈ ਅਤੇ 11 ਜਨਵਰੀ ਨੂੰ ਇਸ ਮੁੱਦੇ ਨੂੰ ਲੈ ਕੇ ਸੁਣਵਾਈ ਹੋਵੇਗੀ। 

ਇਹ ਵੀ ਪੜ੍ਹੋ : ਕੇਂਦਰ ਵਲੋਂ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ, ਕਿਸਾਨਾਂ ਦਾ ਲਿਖਤੀ ਜਵਾਬ 'ਜਾਂ ਮਰਾਂਗੇ ਜਾਂ ਜਿੱਤਾਂਗੇ'

ਨੋਟ- ਕਿਸਾਨੀ ਮਸਲੇ ’ਤੇ ਸਰਕਾਰ ਵਲੋਂ ਤਾਰੀਖ਼ ਤੇ ਤਾਰੀਖ਼ ਮਿਲਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News