ਹਿੰਦੂਤਵ ਦੀ ਸਿਆਸਤ ਭਾਰਤ ਦੇ ਵਿਸ਼ਵ ਸ਼ਕਤੀ ''ਚ ਅੜਿੱਕਾ : ਜਸਟਿਸ ਖੇਹਰ

01/13/2018 5:43:56 PM

ਨਵੀਂ ਦਿੱਲੀ— ਅਯੁੱਧਿਆ ਝਗੜੇ ਦੇ ਹੱਲ ਲਈ ਵਿਚੋਲਗੀ ਦੀ ਪੇਸ਼ਕਸ਼ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਇਕ ਵਾਰ ਫਿਰ ਇਸ ਝਗੜੇ ਦੇ ਸ਼ਾਂਤੀਪੂਰਨ ਨਿਪਟਾਰੇ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਿੰਦੂਤਵ ਦੀ ਸਿਆਸਤ ਦੇਸ਼ ਦੇ ਵਿਸ਼ਵ ਪੱਧਰੀ ਸ਼ਕਤੀ ਬਣਨ ਦੇ ਰਾਹ 'ਚ ਅੜਿੱਕਾ ਹੋ ਸਕਦੀ ਹੈ। ਜਸਟਿਸ ਖੇਹਰ ਨੇ ਕਿਹਾ ਕਿ 1947 'ਚ ਦੇਸ਼ ਦੇ ਬਟਵਾਰੇ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਨੇ ਭਿਆਨਕ ਹਿੰਸਾ ਦਾ ਸੰਤਾਪ ਝੱਲਿਆ ਹੈ। ਆਜ਼ਾਦੀ ਮਗਰੋਂ ਭਾਰਤ ਜਿੱਥੇ ਧਰਮ ਨਿਰਪੱਖ ਰਾਸ਼ਟਰ ਬਣਿਆ, ਉਥੇ ਪਾਕਿਸਤਾਨ ਨੇ ਇਸਾਲਮਿਕ ਦੇਸ਼ ਬਣਨ ਦਾ ਰਾਹ ਚੁਣਿਆ ਸੀ। 
ਉਨ੍ਹਾਂ ਕਿਹਾ, ''ਭਾਰਤ ਦੇ ਪਹਿਲੇ ਆਗੂਆਂ ਨੇ ਇਹ ਯਕੀਨੀ ਬਣਾਇਆ ਸੀ ਕਿ ਦੇਸ਼ ਵਿਚ ਧਰਮ ਨਿਰਪੱਖਤਾ ਹੋਵੇ ਪਰ ਹੁਣ ਅਸੀਂ ਇਕ ਵਾਰ ਫਿਰ ਇਸ ਨੂੰ ਭੁੱਲਣ ਲੱਗੇ ਹਾਂ ਅਤੇ 'ਜੈਸੇ ਕੋ ਤੈਸਾ' ਦੇ ਰਾਹ 'ਤੇ ਵਧ ਰਹੇ ਹਾਂ।'' ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਬਰਸੀ 'ਤੇ ਕੱਲ ਦੇਰ ਰਾਤ ਇਥੇ ਨਹਿਰੂ ਮਿਊਜ਼ੀਅਮ 'ਚ ਆਯੋਜਿਤ 24ਵੇਂ ਯਾਦਗਾਰੀ ਭਾਸ਼ਣ 'ਚ ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਪੱਧਰੀ ਸ਼ਕਤੀ ਬਣਨ ਦੀ ਇੱਛਾ ਰੱਖਦਾ ਹੈ। ਵਿਸ਼ਵ ਪੱਧਰੀ ਝਰੋਖੇ 'ਚ ਜੇਕਰ ਤੁਸੀਂ ਮੁਸਲਿਮ ਦੇਸ਼ਾਂ ਨਾਲ ਮਿੱਤਰਤਾ ਦਾ ਹੱਥ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਦੇਸ਼ ਵਿਚ ਮੁਸਲਿਮ ਵਿਰੋਧੀ ਨਹੀਂ ਬਣ ਸਕਦੇ। ਜੇਕਰ ਤੁਸੀਂ ਈਸਾਈ ਦੇਸ਼ਾਂ ਨਾਲ ਮਜ਼ਬੂਤ ਸਬੰਧ ਚਾਹੁੰਦੇ ਹੋ ਤਾਂ ਤੁਸੀਂ ਈਸਾਈ ਵਿਰੋਧੀ ਨਹੀਂ ਬਣ ਸਕਦੇ। ਸਵ. ਸ਼ਾਸਤਰੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ 1965 ਦੀ ਭਾਰਤ-ਪਾਕਿ ਜੰਗ ਦੌਰਾਨ ਸਫਲਤਾਪੂਰਵਕ ਦੇਸ਼ ਦੀ ਅਗਵਾਈ ਕਰਨ ਵਾਲੇ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਆਖਦੇ ਹੁੰਦੇ ਸਨ ਕਿ ਭਾਰਤ ਧਰਮ ਨੂੰ ਰਾਜਨੀਤੀ 'ਚ ਸ਼ਾਮਲ ਨਹੀਂ ਕਰਦਾ। ਸਾਬਕਾ ਚੀਫ ਜਸਟਿਸ ਨੇ ਕਿਹਾ, ''ਤੁਸੀ ਮਸਲਿਆਂ ਨੂੰ ਜੰਗ ਨਾਲ ਹੱਲ ਨਹੀਂ ਕਰ ਸਕਦੇ। ਇਸ ਲਈ ਤੁਹਾਨੂੰ ਸ਼ਾਂਤੀ ਅਤੇ ਗੱਲਬਾਤ ਦਾ ਰਾਹ ਅਪਨਾਉਣਾ ਹੋਵੇਗਾ।''


Related News