ਮਨੋਹਰ ਲਾਲ ਖੱਟੜ ਨੇ ਹਰਿਆਣਾ ਦਾ ਸਰਵਪੱਖੀ ਵਿਕਾਸ ਕੀਤਾ: ਸਹਿਕਾਰਤਾ ਮੰਤਰੀ
Saturday, Sep 17, 2022 - 03:18 PM (IST)
ਚੰਡੀਗੜ੍ਹ- ਹਰਿਆਣਾ ਦੇ ਸਹਿਕਾਰਤਾ ਮੰਤਰੀ ਬਨਵਾਰੀ ਲਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੰਤੋਦਿਆ ਅਤੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਨਾਅਰੇ ਨੂੰ ਸਾਕਾਰ ਕਰਦੇ ਹੋਏ ਸੂਬੇ ਦਾ ਸਰਵਪੱਖੀ ਵਿਕਾਸ ਕਰਵਾਇਆ ਹੈ। ਬਨਵਾਰੀ ਲਾਲ ਨੇ ਇਹ ਗੱਲ ਭਗਵਾਨ ਵਿਸ਼ਵਕਰਮਾ ਦੀ ਜਯੰਤੀ ਮੌਕੇ ਬਾਵਲ ਸਬ-ਡਵੀਜ਼ਨ ਦਫ਼ਤਰ ਵਿਖੇ ਨਵੀਂ ਜੈੱਟ ਮਸ਼ੀਨ ਸੇਵਾ ਨੂੰ ਹਰੀ ਝੰਡੀ ਵਿਖਾ ਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨ ਉਪਰੰਤ ਆਖੀ।
ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਇਸ ਲਹਿਰ ’ਚ ਬਾਵਲ ਖੇਤਰ ਦੀ ਅਛੂਤਾ ਨਹੀਂ ਰਿਹਾ, ਜਿਸ ਤਹਿਤ ਬਾਵਲ ਖੇਤਰ ਨੂੰ ਕਈ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਮਿਲੀ ਹੈ। ਭਗਵਾਨ ਵਿਸ਼ਵਕਰਮਾ ਜਯੰਤੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਸੂਬੇ ਦੇ ਲੋਕਾਂ ਲਈ ਖੁਸ਼ਹਾਲੀ, ਤਰੱਕੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਨਵੀਂ ਜੈੱਟ ਮਸ਼ੀਨ ਨਾਲ ਬਾਵਲ ਸ਼ਹਿਰ ਨੂੰ ਸੀਵਰੇਜ ਸਿਸਟਮ ਹੋਰ ਵੀ ਸੁਚਾਰੂ ਅਤੇ ਮਜ਼ਬੂਤ ਹੋਵੇਗਾ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵਿਚ ਬਾਵਲ ਖੇਤਰ ਨੂੰ ਵਿਕਾਸ ਪੱਖੋਂ ਪਛੜਿਆ ਇਲਾਕਾ ਮੰਨਿਆ ਜਾਂਦਾ ਸੀ ਪਰ ਭਾਜਪਾ ਗਠਜੋੜ ਦੇ ਰਾਜ ’ਚ ਬਾਵਲ ਖੇਤਰ ’ਚ ਵਿਕਾਸ ਦਾ ਪਹੀਆ ਤੇਜ਼ੀ ਨਾਲ ਘੁੰਮ ਰਿਹਾ ਹੈ। ਕਈ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਸਵੱਛਤਾ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਿੱਖਿਆ, ਸਿਹਤ ਅਤੇ ਸਿੰਚਾਈ ਦੇ ਨਾਲ-ਨਾਲ ਆਵਾਜਾਈ ਦੇ ਸਾਧਨਾਂ ਰਾਹੀਂ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ।