ਹਰਿਆਣਾ ’ਚ ‘ਗੋਰਖ ਧੰਦਾ’ ਸ਼ਬਦ ਦੇ ਇਸਤੇਮਾਲ ’ਤੇ ਖੱਟੜ ਸਰਕਾਰ ਨੇ ਲਾਈ ਪਾਬੰਦੀ
Thursday, Aug 19, 2021 - 11:43 AM (IST)
ਚੰਡੀਗੜ੍ਹ/ਹਰਿਆਣਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ‘ਗੋਰਖ ਧੰਦਾ’ ਸ਼ਬਦ ਦੇ ਇਸਤੇਮਾਲ ’ਤੇ ਪਾਬੰਦੀ ਲਾ ਦਿੱਤੀ ਹੈ। ਦਰਅਸਲ ਗਲਤ ਕੰਮਾਂ ਦੀ ਵਿਆਖਿਆ ਲਈ ‘ਗੋਰਖ ਧੰਦਾ’ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ, ਜਿਸ ’ਤੇ ਮੁੱਖ ਮੰਤਰੀ ਖੱਟੜ ਨੇ ਰੋਕ ਲਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਨੇ ਇਸ ਸ਼ਬਦ ਦੇ ਇਸਤੇਮਾਲ ’ਤੇ ਰੋਕ ਲਾਉਣ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੋਰਖਨਾਥ ਇਕ ਸੰਤ ਸਨ ਅਤੇ ਇਸ ਸ਼ਬਦ ਦੇ ਇਸਤੇਮਾਲ ਨਾਲ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਦੱਸ ਦੇਈਏ ਕਿ ਹਾਲ ਹੀ ’ਚ ਗੋਰਖਨਾਥ ਸੰਪਰਦਾਇ ਦੇ ਲੋਕਾਂ ਨੇ ਮੁੱਖ ਮੰਤਰੀ ਖੱਟੜ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਤੋਂ ਗੋਰਖ ਧੰਦਾ ਸ਼ਬਦ ਦੇ ਇਸਤੇਮਾਲ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਮੰਗ ’ਤੇ ਹੀ ਮੁੱਖ ਮੰਤਰੀ ਨੇ ਇਹ ਫ਼ੈਸਲਾ ਲਿਆ ਹੈ। ਖੱਟੜ ਨੇ ਦੱਸਿਆ ਕਿ ਗੋਰਖਨਾਥ ਇਕ ਸੰਤ ਸਨ ਅਤੇ ਕਿਸੇ ਵੀ ਅਧਿਕਾਰਤ ਭਾਸ਼ਾ, ਭਾਸ਼ਣ ਜਾਂ ਕਿਸੇ ਵੀ ਸੰਦਰਭ ਵਿਚ ਇਸ ਸ਼ਬਦ ਦਾ ਇਸਤੇਮਾਲ ਸੰਤ ਗੋਰਖਨਾਥ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਾਉਂਦਾ ਹੈ। ਇਸ ਲਈ ਇਸ ਸ਼ਬਦ ਦੇ ਇਸਤੇਮਾਲ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਗਈ ਹੈ।