ਗਰਮੀ ਦੇ ਟੁੱਟੇ ਰਿਕਾਰਡ, ਮੱਧ ਪ੍ਰਦੇਸ਼ ਦਾ ਖਰਗੋਨ ਸ਼ਹਿਰ ਦੁਨੀਆ ''ਚ ਸਭ ਤੋਂ ਗਰਮ
Saturday, Apr 27, 2019 - 03:06 PM (IST)

ਭੋਪਾਲ— ਅਪ੍ਰੈਲ ਦਾ ਮਹੀਨਾ ਖਤਮ ਹੋਣ 'ਤੇ ਹੈ ਅਤੇ ਇਸ ਸਮੇਂ ਭਾਰਤ 'ਚ ਗਰਮੀ ਆਪਣਾ ਅਸਰ ਦਿਖਾ ਰਹੀ ਹੈ। ਮੱਧ ਪ੍ਰਦੇਸ਼ ਭਿਆਨਕ ਗਰਮੀ ਦੀ ਲਪੇਟ ਵਿਚ ਹੈ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਧ ਪ੍ਰਦੇਸ਼ ਦੇ ਕਈ ਜ਼ਿਲਿਆਂ ਵਿਚ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਭੋਪਾਲ ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਖਰਗੋਨ 'ਚ ਤਾਪਮਾਨ 47 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਦੁਨੀਆ 'ਚ ਸਭ ਤੋਂ ਗਰਮ ਸ਼ਹਿਰ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦਾ ਅਕੋਲਾ ਦੂਜਾ ਗਰਮ ਸ਼ਹਿਰ ਰਿਹਾ, ਜਿੱਥੇ ਤਾਪਮਾਨ 46.4 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਹੋਸ਼ੰਗਾਬਾਦ, ਖਜੁਰਾਹੋ, ਖੰਡਵਾ, ਨੋਗਾਂਵ 'ਚ 45 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਗਰਮੀ ਅਤੇ ਧੁੱਪ ਕਾਰਨ ਸੜਕਾਂ ਸੁੰਨੀਆਂ ਹਨ। ਲੋਕ ਗਰਮੀ ਤੋਂ ਬਚਣ ਲਈ ਤਰੀਕੇ ਲੱਭ ਰਹੇ ਹਨ।
ਮੱਧ ਪ੍ਰਦੇਸ਼ 'ਚ ਪੈ ਰਹੀ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਭਾਰਤੀ ਮੌਸਮ ਵਿਭਾਗ ਮੁਤਾਬਕ 1901 ਤੋਂ ਬਾਅਦ 2018 ਨੂੰ ਗਰਮ ਸਾਲ ਐਲਾਨ ਕੀਤਾ ਸੀ। ਮੌਸਮ ਮਾਹਰ ਮੁਤਾਬਕ ਮੱਧ ਪ੍ਰਦੇਸ਼ ਵਿਚ ਅਜਿਹੀ ਸਥਿਤੀ ਅਗਲੇ 2-3 ਦਿਨਾਂ ਤਕ ਬਣੀ ਰਹੇਗੀ। ਦੱਖਣੀ-ਪੱਛਮੀ ਅਤੇ ਪੂਰਬੀ-ਉੱਤਰੀ ਮੱਧ ਪ੍ਰਦੇਸ਼ ਦੇ ਨਾਲ ਹੀ ਵਿਦਰਭ ਖੇਤਰ ਵਿਚ ਭਿਆਨਕ ਗਰਮੀ ਪੈ ਰਹੀ ਹੈ। ਭੋਪਾਲ ਦੇ ਮੌਸਮ ਮਾਹਰ ਦਾ ਕਹਿਣਾ ਹੈ ਕਿ ਇਹ ਅਪ੍ਰੈਲ ਸਭ ਤੋਂ ਗਰਮ ਹੋ ਸਕਦਾ ਹੈ। ਮੌਸਮ ਵਿਭਾਗ ਮੁਤਾਬਕ 30 ਅਪ੍ਰੈਲ ਤਕ ਗਰਮੀ ਘੱਟ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ।