ਕੇਰਲ ਦੇ ਜੰਗਲਾਂ ’ਚ ਫਸੇ 32 ਵਿਦਿਆਰਥੀ ਤੇ 3 ਅਧਿਆਪਕ ਬਚਾਏ ਗਏ
Tuesday, Dec 05, 2023 - 02:00 PM (IST)

ਕੋਲਮ, (ਭਾਸ਼ਾ)- ਕੇਰਲ ਦੇ ਕੋਲਮ ਜ਼ਿਲੇ ਦੇ ਅਚਨਕੋਵਿਲ ਜੰਗਲੀ ਖੇਤਰ ਤੋਂ ਸੋਮਵਾਰ ਤੜਕੇ 32 ਸਕੂਲੀ ਵਿਦਿਆਰਥੀਆਂ ਤੇ 3 ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜੰਗਲਾਤ ਵਿਭਾਗ ਨੂੰ ਦੱਸੇ ਬਿਨਾਂ ਉਹ ਸੰਘਣੇ ਜੰਗਲਾਂ ਦੇ ਅੰਦਰ ਚਲੇ ਗਏ ਸਨ ਜਿੱਥੋਂ ਵਾਪਸ ਆਉਂਦੇ ਸਮੇਂ ਉਹ ਰਸਤਾ ਭੁੱਲ ਗਏ।
ਜ਼ਿਲੇ ਦੇ ਸਮੁੰਦਰੀ ਕੰਢੇ ਵਾਲੇ ਹਿੱਸੇ ’ਚ ਕਰੁਣਾਗਪੱਲੀ ਨੇੜੇ ਇੱਕ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਗਰੁੱਪ 3 ਦਿਨਾਂ ਸਕਾਊਟ ਤੇ ਗਾਈਡ ਸਿਖਲਾਈ ਦੌਰੇ ’ਤੇ ਗਿਆ ਸੀ। ਉਨ੍ਹਾਂ ਕੁੰਭਵਰੁੱਤੀ ਫਾਲਸ ਨੇੜੇ ਇੱਕ ਕੈਂਪ ਲਾਇਆ ਸੀ।
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਇਹ ਗਰੁੱਪ ਐਤਵਾਰ ਸਵੇਰੇ 11 ਵਜੇ ਬਿਨਾਂ ਆਗਿਆ ਲਏ ਜੰਗਲੀ ਖੇਤਰ ਵਿੱਚ ਅੰਦਰ ਤਕ ਚਲਾ ਗਿਆ ਅਤੇ ਕਈ ਘੰਟੇ ਭਟਕਦਾ ਰਿਹਾ। ਜੰਗਲਾਤ ਵਿਭਾਗ ਨੇ ਸੋਮਵਾਰ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ।
ਵਿਭਾਗ ਨੇ ਪੁਨਾਲੂਰ ਪੁਲਸ ਅਤੇ ਫਾਇਰ ਵਿਭਾਗ ਤੋਂ ਵੀ ਮਦਦ ਲਈ। ਵਿਦਿਆਰਥੀਆਂ ਦਾ ਪਤਾ ਲਾ ਲਿਆ ਗਿਆ। ਸੋਮਵਾਰ ਤੜਕੇ 3.30 ਵਜੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ 15 ਮੁੰਡਿਆਂ, 17 ਕੁੜੀਆਂ ਅਤੇ ਤਿੰਨ ਅਧਿਆਪਕਾਂ ਨੂੰ ਨੇੜਲੇ ਈਕੋ-ਟੂਰਿਜ਼ਮ ਕੇਂਦਰ ਦੇ ਖੇਤਰ ’ਚ ਕੈਂਪ ਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਸਾਡੀ ਹੋਰ ਇਜਾਜ਼ਤ ਲਏ ਬਿਨਾਂ ਉਹ ਸਾਢੇ ਚਾਰ ਕਿਲੋਮੀਟਰ ਤੱਕ ਜੰਗਲ ਦੇ ਅੰਦਰ ਚਲੇ ਗਏ ਸਨ।